'ਕੋਲਡ ਚੇਨ' ਦੀ ਕਮੀ ਨਾਲ ਦੁਨੀਆਂ ਵਿਚ ਤਿੰਨ ਅਰਬ ਲੋਕਾਂ ਤਕ ਦੇਰ ਨਾਲ ਪਹੁੰਚੇਗਾ ਕੋਰੋਨਾ ਟੀਕਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਗ਼ਰੀਬਾਂ ਵਿਰੁਧ ਇਕ ਹੋਰ ਅਸਮਾਨਤਾ ਦਾ ਕਾਰਨ ਬਣੇਗੀ 'ਕੋਲਡ ਚੇਨ'

IMAGE

ਗਮਪੇਲਾ (ਬੁਰਕੀਨਾ ਫਾਸੋ), 19 ਅਕਤੂਬਰ : ਗਮਪੇਲਾ ਬੁਰਕੀਨਾ ਫਾਸੋ ਦਾ ਇਕ ਛੋਟਾ ਸਥਾਨ ਹੈ ਜਿਥੇ ਸਿਹਤ ਕੇਂਦਰ ਵਿਚ ਪਿਛਲੇ ਕਰੀਬ ਇਕ ਸਾਲ ਤੋਂ ਫ਼ਰਿਜ ਕੰਮ ਨਹੀਂ ਕਰ ਰਿਹਾ ਹੈ। ਦੁਨੀਆ ਭਰ ਵਿਚ ਅਜਿਹੇ ਕਈ ਸਥਾਨ ਹਨ ਜਿਥੇ ਇਹ ਸੁਵਿਧਾ ਹਾਲੇ ਉਪਲਬਧ ਨਹੀਂ ਹੈ। ਅਜਿਹੇ ਵਿਚ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਦੇ ਅਭਿਆਨ ਵਿਚ ਰੁਕਾਵਟ ਆ ਸਕਦੀ ਹੈ। ਪੂਰੀ ਦੁਨੀਆ ਨੂੰ ਪ੍ਰਭਾਵਤ ਕਰਨ ਵਾਲੇ ਕੋਰੋਨਾ ਵਾਇਰਸ ਦੇ ਟੀਕੇ ਨੂੰ ਸੁਰੱਖਿਅਤ ਰੱਖਣ ਲਈ ਫ਼ੈਕਟਰੀ ਤੋਂ ਲੈ ਕੇ ਸਰਿੰਜ (ਸੂਈ) ਤਕ ਲਗਾਤਾਰ 'ਕੋਲਡ ਚੇਨ' ਬਨਾਉਣ ਦੀ ਦਿਸ਼ਾ ਵਿਚ ਹੋਈ ਤਰੱਕੀ ਤੋਂ ਬਾਅਦ ਵੀ ਦੁਨੀਆਂ ਦੇ 7.8 ਅਰਬ ਲੋਕਾਂ ਵਿਚੋਂ ਲਗਭਗ ਤਿੰਨ ਅਰਬ ਲੋਕ ਅਜਿਹੇ ਹਨ ਜਿਨ੍ਹਾਂ ਤਕ ਕੋਰੋਨਾ 'ਤੇ ਕਾਬੂ ਪਾਉਣ ਲਈ ਟੀਕਾਕਰਨ ਅਭਿਆਨ ਖ਼ਾਤਰ ਤਾਪਮਾਨ ਕਾਬੂ ਭੰਡਾਰਣ (ਕੋਲਡ ਸਟੋਰੇਜ) ਨਹੀਂ ਹੈ। ਇਸ ਦਾ ਨਤੀਜਾ ਇਹ ਹੋਵੇਗਾ ਕਿ ਦੁਨੀਆਂ ਭਰ ਦੇ ਗ਼ਰੀਬ ਲੋਕ ਜੋ ਇਸ ਘਾਤਕ ਵਾਇਰਸ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ, ਉਨ੍ਹਾਂ ਤਕ ਇਹ ਟੀਕਾ ਸੱਭ ਤੋਂ ਅਖ਼ੀਰ ਵਿਚ ਪਹੁੰਚੇਗਾ।

image

ਟੀਕੇ ਲਈ 'ਕੋਲਡ ਚੇਨ' ਗ਼ਰੀਬਾਂ ਵਿਰੁਧ ਇਕ ਹੋਰ ਅਸਮਾਨਤਾ ਹੈ ਜੋ ਜ਼ਿਆਦਾ ਭੀੜ ਵਾਲੀਆਂ ਸਥਿਤੀਆਂ ਵਿਚ ਰਹਿੰਦੇ ਹਨ ਅਤੇ ਕੰਮ ਕਰਦੇ ਹਨ, ਜਿਸ ਨਾਲ ਵਾਇਰਸ ਨੂੰ ਫੈਲਣ ਦਾ ਮੌਕਾ ਮਿਲਦਾ ਹੈ। ਅਜਿਹੇ ਲੋਕਾਂ ਕੋਲ ਮੈਡੀਕਲ ਆਕਸੀਜ਼ਨ ਦੀ ਵੀ ਪਹੁੰਚ ਘੱਟ ਹੁੰਦੀ ਹੈ ਜੋ ਇਸ ਘਾਤਕ ਵਾਇਰਸ ਨਾਲ ਪੀੜਤ ਦੇ ਉਪਚਾਰ ਲਈ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਅਜਿਹੇ ਲੋਕ ਵੱਡੇ ਪੱਧਰ 'ਤੇ ਪ੍ਰੀਖਣ ਲਈ ਪ੍ਰਯੋਗਸ਼ਾਲਾਵਾਂ, ਪੂਰਤੀ ਅਤੇ ਟੈਕਨੀਸ਼ਨਾਂ ਦੀ ਕਮੀ ਦਾ ਵੀ ਸਾਹਮਣਾ ਕਰਦੇ ਹਨ। ਇਸ ਮਹਾਂਮਾਰੀ ਨੂੰ ਅੱਠ ਮਹੀਨੇ ਹੋ ਚੁੱਕੇ ਹਨ ਅਤੇ ਮਾਹਰਾਂ ਨੇ ਸੁਚੇਤ ਕੀਤਾ ਹੈ ਕਿ ਦੁਨੀਆਂ ਦੇ ਵੱਡੇ ਹਿਸਿਆਂ ਵਿਚ ਪ੍ਰਭਾਵੀ ਟੀਕਾਕਰਨ ਪ੍ਰੋਗਰਾਮ ਲਈ ਲੋੜੀਂਦੇ ਕੋਲਡ ਸਟੋਰਾਂ ਦੀ ਕਮੀ ਹੈ।  


 ਇਸ ਵਿਚ ਮੱਧ ਏਸ਼ੀਆ ਦਾ ਜ਼ਿਆਦਾਤਰ ਹਿੱਸਾ, ਭਾਰਤ, ਦਖਣੀ ਪੂਰਬੀ ਏਸ਼ੀਆ ਅਤੇ ਲੈਟਿਨ ਅਮਰੀਕਾ ਦਾ ਵੀ ਇਕ ਵੱਡਾ ਹਿੱਸਾ ਸ਼ਾਮਲ ਹੈ। ਬੁਰਕੀਨਾ ਫਾਸੋ ਦੀ ਰਾਜਧਾਨੀ ਨੇੜੇ ਸਥਿਤ ਇਸ ਹਸਪਤਾਲ ਦਾ ਫ਼ਰਿਜ ਪਿਛਲੇ ਸਾਲ ਖ਼ਰਾਬ ਹੋ ਗਿਆ ਸੀ। ਇਹ ਹਸਪਤਾਲ ਕਰੀਬ 11 ਹਜ਼ਾਰ ਲੋਕਾਂ ੂ ਸੇਵਾ ਮੁਹਈਆ ਕਰਵਾਉਂਦਾ ਹੈ। ਉਪਕਰਣਾਂ ਦੇ ਖ਼ਰਾਬ ਹੋਣ ਨਾਲ ਇਸ ਕੇਂਦਰ ਵਿਚ ਟੈਟਨਸ, ਟੀਬੀ ਸਹਿਤ ਹੋਰ ਆਮ ਬੀਮਾਰੀਆਂ ਦੇ ਵੀ ਟੀਕੇ ਨਹੀਂ ਰੱਖੇ ਜਾਂਦੇ। ਇਸ ਦਾ ਅਸਰ ਲੋਕਾਂ 'ਤੇ ਪੈਂਦਾ ਹੈ।  (ਪੀਟੀਆਈ)