ਪਾਕਿਸਤਾਨ ਵਿਚ ਇਮਰਾਨ ਖ਼ਾਨ ਨੂੰ ਗੱਦੀਉ ਲਾਹੁਣ ਲਈ ਹੋਈ ਦੂਜੀ ਰੈਲੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਮਰਾਨ ਖ਼ਾਨ ਅਯੋਗ, ਅਗਿਆਨੀ ਤੇ ਧੋਖੇਬਾਜ਼ : ਪੀ.ਡੀ.ਐਮ

image

ਕਰਾਚੀ, 19 ਅਕਤੂਬਰ : ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐਮ) ਦੇ ਆਗੂਆਂ ਨੇ ਇਥੇ ਇਕ ਰੈਲੀ ਵਿਚ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ''ਅਯੋਗ ਅਤੇ ਅਗਿਆਨੀ'' ਹਨ ਅਤੇ ਉਨ੍ਹਾਂ ਦੀ ਸਰਕਾਰ ਤਾਨਾਸ਼ਾਹੀ ਸ਼ਾਸਨ ਤੋਂ ਵੀ ਬੇਕਾਰ ਹੈ। ਪੀ.ਡੀ.ਐਮ 11 ਵਿਰੋਧੀ ਦਲਾਂ ਦਾ ਗੱਠਜੋੜ ਹੈ। ਉਸ ਨੇ ਇਥੇ ਅਪਣੀ ਦੂਜੀ ਰੈਲੀ ਵਿਚ ਇਹ ਗੱਲ ਕਹੀ। ਵਿਰੋਧੀ ਦਲਾਂ ਨੇ 20 ਦਸੰਬਰ ਨੂੰ ਪੀ.ਡੀ.ਐਮ ਦਾ ਗਠਨ ਕੀਤਾ ਸੀ ਅਤੇ ਤਿੰਨ ਗੇੜਾਂ ਵਿਚ ਸਰਕਾਰ ਵਿਰੋਧੀ ਅਭਿਆਨ ਚਲਾਉਣ ਦਾ ਐਲਾਨ ਕੀਤਾ ਸੀ। ਇਸ ਤਹਿਤ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ) ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਦੇਸ਼ ਭਰ ਵਿਚ ਜਨ ਸਭਾਵਾਂ, ਪ੍ਰਦਰਸ਼ਨ ਅਤੇ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਜਨਵਰੀ 2021 ਵਿਚ ਇਸਲਾਮਾਬਾਦ ਲਈ ਲੰਬਾ ਜਲੂਸ ਕਢਿਆ ਜਾਵੇਗਾ। ਲਾਹੌਰ ਨੇੜੇ ਗੁਜਰਾਂਵਾਲਾ ਵਿਚ ਸ਼ੁਕਰਵਾਰ ਨੂੰ ਪਹਿਲੀ ਰੈਲੀ ਕੱਢੀ ਗਈ ਸੀ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਮੁਖ ਬਿਲਾਵਲ ਭੁੱਟੋ ਜਰਦਾਰੀ ਨੇ ਬਾਗ਼-ਏ-ਜਿਨਾ ਵਿਚ ਕਿਹਾ,''ਅਯੋਗ ਅਤੇ ਅਗਿਆਨੀ ਪ੍ਰਧਾਨ ਮੰਤਰੀ ਨੂੰ ਹੁਣ ਘਰ ਜਾਣਾ ਹੋਵੇਗਾ।''

image

ਜਰਦਾਰੀ ਨੇ ਕਿਹਾ,''ਇਤਿਹਾਸ ਗਵਾਹ ਹੈ ਕਿ ਵੱਡੇ ਤੋਂ ਵੱਡੇ ਤਾਨਾਸ਼ਾਹ ਨਹੀਂ ਟਿਕ ਸਕੇ ਤਾਂ ਇਹ ਕਠਪੁਤਲੀ ਕਿਵੇਂ ਟਿਕ ਸਕੇਗੀ?'' ਕਾਰਸਾਜ ਦੋਹਰੇ ਬੰਮ ਧਮਾਕੇ ਦੇ 13 ਸਾਲ ਪੂਰੇ ਹੋਣ ਵਾਲੇ ਦਿਨ ਇਹ ਰੈਲੀ ਕੱਢੀ ਗਈ। 2007 ਵਿਚ ਹੋਏ ਇਨ੍ਹਾਂ ਧਮਾਕਿਆਂ ਵਿਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿਚ ਕਰੀਬ 200 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖ਼ਮੀ ਹੋਏ ਸਨ।

image

ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐਮ.ਐਲ-ਨਵਾਜ਼) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਅਤੇ ਸ਼ਾਹਿਦ ਖ਼ਾਕਾਨ ਅੱਬਾਸੀ, ਪਖ਼ਤੁਨਖਵਾ ਮਿੱਲੀ ਅਵਾਮੀ ਪਾਰਟੀ ਦੇ ਪ੍ਰਧਾਨ ਮਹਿਮੂਦ ਅਚਕਜਾਈ ਅਤੇ ਜ਼ਮੀਅਤ ਉਲੇਮਾ-ਏ-ਇਸਲਾਮ ਫ਼ਜ਼ਲ (ਜੇ.ਯੂ.ਆਈ-ਐਫ਼) ਦੇ ਆਗੂ ਮੌਲਾਨਾ ਫ਼ਜ਼ਲੁਰ ਰਹਿਮਾਨ ਵੀ ਇਸ ਰੈਲੀ ਵਿਚ ਸ਼ਾਮਲ ਹੋਏ। ਪੀਪੀਪੀ ਨੇ ਮੋਹਸਿਨ ਡਾਵਰ ਨੂੰ ਵੀ ਸੱਦਾ ਦਿਤਾ ਸੀ, ਜੋ ਪਸ਼ਤੂਨ ਤਹਫੂਜ਼ ਮੁਵਮੈਂਟ (ਪੀ.ਟੀ.ਐਮ) ਦੇ ਪ੍ਰਮੁਖ ਹਨ। ਮਰੀਅਮ ਨਵਾਜ਼ ਨੇ ਕਿਹਾ, ''ਸਾਨੂੰ ਗੱਦਾਰ ਕਹਿ ਕੇ ਡਰਾਉ ਨਾ, ਜਦੋਂ ਤੁਹਾਨੂੰ (ਇਮਰਾਨ ਖ਼ਾਨ ਨੂੰ) ਸਵਾਲ ਕੀਤੇ ਗਏ ਤਾਂ ਤੁਸੀ ਫ਼ੌਜ ਦੇ ਪਿੱਛੇ ਲੁਕ ਗਏ।'' ਮਰੀਅਮ ਨੇ ਕਿਹਾ,''ਤੁਸੀ ਉਨ੍ਹਾਂ ਦਾ (ਫ਼ੌਜ ਦਾ) ਇਸਤੇਮਾਲ ਅਪਣੀ ਅਸਫ਼ਲਤਾ ਲੁਕਾਉਣ ਲਈ ਕਰ ਰਹੇ ਹੋ।'' ਪੀਡੀਐਮ ਦੀ ਗਲੀ ਰੈਲੀ 25 ਅਕਤੂਬਰ ਨੂੰ ਕਵੇਟਾ ਵਿਚ ਹੈ। (ਪੀਟੀਆਈ)