ਅਮਰੀਕੀ ਪੰਜਾਬੀ ਜੋੜੇ ਨੇ ਅਮਰੀਕਾ ਦੀ ਯੂਨੀਵਰਸਿਟੀ ਨੂੰ ਦਾਨ ਕੀਤੇ 1 ਮਿਲੀਅਨ ਡਾਲਰ
ਯੂਨੀਵਰਸਿਟੀ ਜੋੜੇ ਦੇ ਨਾਂਅ 'ਤੇ ਰੱਖੇਗੀ ਆਡੀਟੋਰੀਅਮ ਦਾ ਨਾਂਅ
ਹਿਊਸਟਨ - ਭਾਰਤੀ-ਅਮਰੀਕੀ ਉੱਦਮੀ ਜੋੜੇ ਨੇ ਹਿਊਸਟਨ ਯੂਨੀਵਰਸਿਟੀ ਵਿੱਚ ਪ੍ਰਯੋਗਸ਼ਾਲਾ ਦੇ ਉਪਕਰਨਾਂ ਲਈ 1 ਮਿਲੀਅਨ ਅਮਰੀਕੀ ਡਾਲਰ ਦਾਨ ਕੀਤੇ ਹਨ। ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਬ੍ਰਿਜ ਅਗਰਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਗ੍ਰੇਟਰ ਹਿਊਸਟਨ ਦੇ ਉਪਨਗਰ 'ਸ਼ੂਗਰ ਲੈਂਡ' ਵਿੱਚ ਯੂਨੀਵਰਸਿਟੀ ਆਫ਼ ਹਿਊਸਟਨ (ਯੂ.ਐਚ.) ਕਾਲਜ ਆਫ਼ ਟੈਕਨਾਲੋਜੀ ਦੀ ਇਮਾਰਤ ਵਿੱਚ ਪ੍ਰਯੋਗਸ਼ਾਲਾ ਦੇ ਉਪਕਰਣਾਂ ਲਈ ਦਾਨ ਕਰ ਰਹੇ ਹਨ।
ਉੱਦਮੀ ਜੋੜੇ ਵੱਲੋਂ ਕੀਤੇ ਦਾਨ ਸਦਕਾ ਨਵੀਨਤਮ 3D ਪ੍ਰਿੰਟਰ, ਮਸ਼ੀਨ ਟੂਲ ਅਤੇ ਮਾਪ ਟੈਸਟਿੰਗ ਉਪਕਰਣਾਂ ਸਮੇਤ ਛੋਟੇ ਅਤੇ ਮੱਧਮ ਪੱਧਰ ਦੇ ਉਦਯੋਗਾਂ 'ਤੇ ਕੇਂਦ੍ਰਿਤ ਇੱਕ ਉੱਨਤ ਨਿਰਮਾਣ ਡਿਜ਼ਾਈਨ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ।ਅਗਰਵਾਲ ਨੇ ਕਿਹਾ, “ਜੇਕਰ ਇਹ ਯੂ.ਐਚ. ਸਿਸਟਮ ਨਾ ਹੁੰਦਾ ਤਾਂ ਮੈਂ ਕਾਲਜ ਤੋਂ ਗ੍ਰੈਜੂਏਟ ਨਾ ਹੁੰਦਾ। ਇਸ ਲਈ ਮੈਂ ਯੂ.ਐਚ. ਦਾ ਸਮਰਥਨ ਕਰਨ ਲਈ ਬਹੁਤ ਉਤਸ਼ਾਹਿਤ ਹਾਂ।"
ਉਸ ਨੇ ਕਿਹਾ, “ਮੈਂ ਸ਼ੂਗਰ ਲੈਂਡ ਵਿੱਚ ਰਹਿੰਦਾ ਹਾਂ ਅਤੇ ਇਸ ਨਾਲ ਮੇਰੀ ਸ਼ੂਗਰ ਲੈਂਡ ਕੈਂਪਸ ਵਿੱਚ ਯੂ.ਐਚ. ਨਾਲ ਹੋਰ ਵੀ ਨੇੜਤਾ ਹੋ ਜਾਂਦੀ ਹੈ।" ਇਸ ਜੋੜੇ ਦੇ ਸਨਮਾਨ ਵਿੱਚ ਯੂਨੀਵਰਸਿਟੀ ਵੱਲੋਂ ਇੱਥੇ ਬਣੇ ਇੱਕ ਆਡੀਟੋਰੀਅਮ ਦਾ ਨਾਂ 'ਬ੍ਰਿਜ ਅਤੇ ਸੁਨੀਤਾ ਅਗਰਵਾਲ ਆਡੀਟੋਰੀਅਮ' ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਮੂਲ ਰੂਪ ਵਿੱਚ ਬ੍ਰਿਜ ਅਗਰਵਾਲ ਦਾ ਪਿਛੋਕੜ ਭਾਰਤ ਦੇ ਪੰਜਾਬ 'ਚ ਪੈਂਦੇ ਲਖਨਪੁਰ ਨਾਲ ਜੁੜਿਆ ਹੈ, ਜੋ 17 ਸਾਲ ਦੀ ਉਮਰ ਵਿੱਚ ਹਿਊਸਟਨ ਚਲੇ ਗਏ, ਅਤੇ ਤੇ ਜਿਸ ਨੇ ਕੰਮ ਤੇ ਪੜ੍ਹਾਈ ਨਾਲ-ਨਾਲ ਜਾਰੀ ਰੱਖਦੇ ਹੋਈਏ ਯੂ.ਐਚ. ਦੇ ਨਾਈਟ ਸਕੂਲ ਵਿੱਚ ਪੜ੍ਹਾਈ ਕੀਤੀ।