America News: ਅਮਰੀਕੀ ਨਿਆਂ ਵਿਭਾਗ ਨੇ ਰਾਅ ਅਧਿਕਾਰੀ ’ਤੇ ਪੰਨੂ ਨੂੰ ਮਾਰਨ ਦੀ ਸਾਜ਼ਸ਼ ਰਚਣ ਦਾ ਦੋਸ਼ ਲਾਇਆ

ਏਜੰਸੀ

ਖ਼ਬਰਾਂ, ਕੌਮਾਂਤਰੀ

America News:ਮੁਲਜ਼ਮ ਹੁਣ ਭਾਰਤ ਸਰਕਾਰ ਦਾ ਮੁਲਾਜ਼ਮ ਨਹੀਂ : ਭਾਰਤੀ ਵਿਦੇਸ਼ ਮੰਤਰਾਲਾ

The US Department of Justice accused the RAW officer of conspiring to kill Pannu

 

America News: ਅਮਰੀਕੀ ਅਧਿਕਾਰੀਆਂ ਨੇ ਭਾਰਤ ਸਰਕਾਰ ਦੇ ਇਕ ਸਾਬਕਾ ਅਧਿਕਾਰੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਯਾਤਰਾ ਦੇ ਆਸ-ਪਾਸ ਸਿੱਖ ਵਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਨਾਕਾਮ ਸਾਜ਼ਸ਼ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।

ਨਿਊਯਾਰਕ ਦੀ ਇਕ ਅਮਰੀਕੀ ਅਦਾਲਤ ਵਿਚ ਦਾਇਰ ਦੋਸ਼ ਪੱਤਰ ਵਿਚ ਸੰਘੀ ਵਕੀਲਾਂ ਨੇ  ਦਾਅਵਾ ਕੀਤਾ ਕਿ ਵਿਕਾਸ ਯਾਦਵ (39) ਕੈਬਨਿਟ ਸਕੱਤਰੇਤ ਵਿਚ ਕੰਮ ਕਰਦਾ ਸੀ, ਜਿਥੇ ਭਾਰਤ ਦੀ ਵਿਦੇਸ਼ੀ ਖ਼ੁਫ਼ੀਆ ਸੇਵਾ ਰੀਸਰਚ ਐਂਡ ਐਨਾਲਿਸਿਸ ਵਿੰਗ (ਆਰ ਐਂਡ ਏਡਬਲਿਊ) ਦਾ ਹੈੱਡਕੁਆਰਟਰ ਹੈ। ਯਾਦਵ ’ਤੇ ਪੰਨੂ ਨੂੰ ਮਾਰਨ ਦੀ ਨਾਕਾਮ ਸਾਜ਼ਸ਼ ’ਚ ਉਸ ਦੀ ਭੂਮਿਕਾ ਦੇ ਸਬੰਧ ’ਚ ਕਿਰਾਏ ਦੇ ਕਾਤਲਾਂ ਦੀ ਮਦਦ ਨਾਲ ਕਤਲ ਦੀ ਕੋਸ਼ਿਸ਼ ਅਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਗਿਆ ਹੈ। ਨਿਆਂ ਵਿਭਾਗ ਨੇ ਕਿਹਾ ਕਿ ਯਾਦਵ ਅਜੇ ਵੀ ਫ਼ਰਾਰ ਹੈ। ਪਹਿਲੀ ਚਾਰਜਸ਼ੀਟ ’ਚ ਯਾਦਵ ਦੀ ਪਛਾਣ ‘ਸੀਸੀ1’ (ਸਹਿ-ਸਾਜ਼ਸ਼ ਕਰਤਾ) ਵਜੋਂ ਕੀਤੀ ਗਈ ਹੈ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅਮਰੀਕੀ ਨਿਆਂ ਵਿਭਾਗ ਵਲੋਂ ਦੋਸ਼ੀ ਵਿਅਕਤੀ ਦੀ ਪਛਾਣ ਬਾਰੇ ਪੁਛੇ ਗਏ ਇਕ ਸਵਾਲ ਦੇ ਜਵਾਬ ਵਿਚ ਪੁਸ਼ਟੀ ਕੀਤੀ ਕਿ ਮੁਲਜ਼ਮ ਹੁਣ ਭਾਰਤ ਸਰਕਾਰ ਦਾ ਮੁਲਾਜ਼ਮ ਨਹੀਂ ਹੈ।

ਸਹਿ-ਮੁਲਜ਼ਮ ਨਿਖਿਲ ਗੁਪਤਾ, ਜੋ ਉਸ ਦੇ ਨਾਲ ਕਥਿਤ ਸਾਜ਼ਸ਼ ’ਚ ਸ਼ਾਮਲ ਸੀ, ਨੂੰ ਪਿਛਲੇ ਸਾਲ ਚੈੱਕ ਗਣਰਾਜ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹਵਾਲਗੀ ਤੋਂ ਬਾਅਦ ਉਹ ਅਮਰੀਕੀ ਜੇਲ ’ਚ ਬੰਦ ਹੈ। ਅਮਰੀਕਾ ਦੇ ਅਟਾਰਨੀ ਜਨਰਲ ਮੈਰਿਕ ਬੀ ਗਾਰਲੈਂਡ ਨੇ ਕਿਹਾ, ‘‘ਅੱਜ ਦੇ ਦੋਸ਼ ਦਰਸਾਉਂਦੇ ਹਨ ਕਿ ਨਿਆਂ ਵਿਭਾਗ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ, ਖ਼ਤਰੇ ਵਿਚ ਪਾਉਣ ਜਾਂ ਕਿਸੇ ਵੀ ਅਮਰੀਕੀ ਨਾਗਰਿਕ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰੇਗਾ।’’

ਐਫ਼.ਬੀ.ਆਈ. ਦੇ ਡਾਇਰੈਕਟਰ ਕਿ੍ਰਸਟੋਫ਼ਰ ਰੇ ਨੇ ਕਿਹਾ, ‘‘ਮੁਲਜ਼ਮ ਭਾਰਤੀ ਸਰਕਾਰੀ ਮੁਲਾਜ਼ਮ ਹੈ। ਉਸ ਨੇ ਕਥਿਤ ਤੌਰ ’ਤੇ ਇਕ ਅਪਰਾਧਕ ਸਹਿਯੋਗੀ ਨਾਲ ਮਿਲ ਕੇ ਸਾਜ਼ਸ਼ ਰਚੀ ਅਤੇ ਅਮਰੀਕੀ ਧਰਤੀ ’ਤੇ ਇਕ ਅਮਰੀਕੀ ਨਾਗਰਿਕ ਦੀ ਹਤਿਆ ਕਰਨ ਦੀ ਕੋਸ਼ਿਸ਼ ਕੀਤੀ।’’

ਭਾਰਤ ਸਰਕਾਰ ਨੇ ਅਮਰੀਕੀ ਧਰਤੀ ’ਤੇ ਕਿਸੇ ਵੀ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਕਿਸੇ ਵੀ ਸਾਜ਼ਸ਼ ’ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਅਮਰੀਕਾ ਦੇ ਦੋਸ਼ਾਂ ਤੋਂ ਬਾਅਦ ਭਾਰਤ ਨੇ ਇਸ ਮਾਮਲੇ ਦੀ ਜਾਂਚ ਲਈ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਅਮਰੀਕਾ ਨੇ ਇਸ ਮਾਮਲੇ ’ਚ ਭਾਰਤ ਦੇ ਸਹਿਯੋਗ ’ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ। 

ਇਸ ਮੁੱਦੇ ’ਤੇ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ, ਨਿਆਂ ਵਿਭਾਗ ਅਤੇ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਲਈ ਭਾਰਤੀ ਜਾਂਚ ਕਮੇਟੀ ਦੇ ਇੱਥੇ ਪਹੁੰਚਣ ਦੇ 48 ਘੰਟਿਆਂ ਦੇ ਅੰਦਰ ਅਦਾਲਤ ਵਿਚ ਦੂਜੀ ਚਾਰਜਸ਼ੀਟ ਦਾਇਰ ਕੀਤੀ ਗਈ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਬੁਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਸਹਿਯੋਗ ਤੋਂ ਸੰਤੁਸ਼ਟ ਹਾਂ। ਇਹ ਇਕ ਨਿਰੰਤਰ ਪ੍ਰਕਿਰਿਆ ਹੈ। ਅਸੀਂ ਇਸ ’ਤੇ ਉਨ੍ਹਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ। ਅਸੀਂ ਸਹਿਯੋਗ ਦੀ ਸ਼ਲਾਘਾ ਕਰਦੇ ਹਾਂ ਅਤੇ ਤੁਹਾਡੀ ਜਾਂਚ ਬਾਰੇ ਸਾਨੂੰ ਸੂਚਿਤ ਰੱਖਣ ਦੀ ਸ਼ਲਾਘਾ ਕਰਦੇ ਹਾਂ, ਅਸੀਂ ਉਨ੍ਹਾਂ ਨੂੰ ਸਾਡੀ ਜਾਂਚ ਬਾਰੇ ਸੂਚਿਤ ਕਰਦੇ ਰਹਿੰਦੇ ਹਾਂ।’’

ਉਨ੍ਹਾਂ ਕਿਹਾ, ‘‘ਵੀਰਵਾਰ ਨੂੰ ਹੋਈ ਬੈਠਕ ’ਚ ਅਸੀਂ ਜਾਂਚ ਕਮੇਟੀ ਦੇ ਮੈਂਬਰਾਂ ਨੂੰ ਅਮਰੀਕਾ ਵਲੋਂ ਕੀਤੀ ਜਾ ਰਹੀ ਜਾਂਚ ਬਾਰੇ ਜਾਣਕਾਰੀ ਦਿਤੀ। ਸਾਨੂੰ ਉਨ੍ਹਾਂ ਤੋਂ ਉਨ੍ਹਾਂ ਵਲੋਂ ਕੀਤੀ ਜਾ ਰਹੀ ਜਾਂਚ ਬਾਰੇ ਜਾਣਕਾਰੀ ਮਿਲੀ ਹੈ। ਇਹ ਇਕ ਲਾਭਦਾਇਕ ਮੀਟਿੰਗ ਸੀ।’’ ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਸਾਨੂੰ ਦਸਿਆ ਕਿ ਨਿਆਂ ਵਿਭਾਗ ’ਚ ਨਾਮਜ਼ਦ ਵਿਅਕਤੀ ਹੁਣ ਭਾਰਤ ਸਰਕਾਰ ਦਾ ਮੁਲਾਜ਼ਮ ਨਹੀਂ ਹੈ।’’

ਵੀਰਵਾਰ ਨੂੰ ਜਾਰੀ ਕੀਤੀ ਗਈ 18 ਪੰਨਿਆਂ ਦੀ ਚਾਰਜਸ਼ੀਟ ’ਚ ਫੌਜੀ ਵਰਦੀ ’ਚ ਯਾਦਵ ਦੀ ਤਸਵੀਰ ਹੈ। ਫੈਡਰਲ ਵਕੀਲਾਂ ਦਾ ਕਹਿਣਾ ਹੈ ਕਿ ਤਸਵੀਰ ਵਿਚ ਨਜ਼ਰ ਆ ਰਿਹਾ ਵਿਅਕਤੀ ਨਿਊਯਾਰਕ ਵਿਚ ਇਕ ਸਿੱਖ ਵੱਖਵਾਦੀ ਆਗੂ ਨੂੰ ਮਾਰਨ ਲਈ ਗੁਪਤਾ ਅਤੇ ਯਾਦਵ ਦੀ ਤਰਫੋਂ ਕਥਿਤ ਕਾਤਲ ਨੂੰ ਭੁਗਤਾਨ ਕਰ ਰਿਹਾ ਸੀ। ਇਹ ਤਸਵੀਰ 9 ਜੂਨ 2023 ਦੀ ਹੈ। ਦੋਸ਼ ਪੱਤਰ ’ਚ ਅਮਰੀਕੀ ਨਾਗਰਿਕ ਅਤੇ ਸਿੱਖ ਵੱਖਵਾਦੀ ਦਾ ਨਾਮ ਨਹੀਂ ਹੈ। 

ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ ਦੇ ਜਨਰਲ ਕਾਊਂਸਲ ਪੰਨੂੰ ਨੇ ਨਿਆਂ ਵਿਭਾਗ ਵਲੋਂ ਦੋਸ਼ ਤੈਅ ਕੀਤੇ ਜਾਣ ਤੋਂ ਬਾਅਦ ਇਕ ਬਿਆਨ ਵਿਚ ਕਿਹਾ, ‘‘ਰਾਅ ਅਧਿਕਾਰੀ ਵਿਕਾਸ ਯਾਦਵ ’ਤੇ ਕਿਰਾਏ ਦੀ ਸਾਜ਼ਸ਼ ਰਚਣ ਦਾ ਦੋਸ਼ ਲਗਾ ਕੇ ਅਮਰੀਕੀ ਸਰਕਾਰ ਨੇ ਦੇਸ਼ ਅਤੇ ਵਿਦੇਸ਼ ਵਿਚ ਅਮਰੀਕੀ ਨਾਗਰਿਕਾਂ ਦੀ ਜ਼ਿੰਦਗੀ, ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰਨ ਦੇ ਅਪਣੇ ਬੁਨਿਆਦੀ ਸੰਵਿਧਾਨਕ ਫਰਜ਼ ਪ੍ਰਤੀ ਅਪਣੀ ਵਚਨਬੱਧਤਾ ਦੁਹਰਾਈ ਹੈ।’’