ਪਾਕਿਸਤਾਨ ’ਚ ਦੀਵਾਲੀ ਤੋਂ ਪਹਿਲਾਂ ਵਧਾਈ ਗਈ ਸੁਰੱਖਿਆ
ਪੇਸ਼ਾਵਰ ਤੇ ਨੇੜਲੇ ਖੇਤਰਾਂ ’ਚ ਭਾਰੀ ਪੁਲਿਸ ਫੋਰਸ ਤਾਇਨਾਤ
ਪੇਸ਼ਾਵਰ : ਹਿੰਦੂਆਂ ਦੇ ਸਭ ਤੋਂ ਵੱਡੇ ਤਿਓਹਾਰ ਦੀਵਾਲੀ ਨੂੰ ਲੈ ਕੇ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਅਧਿਕਾਰੀਆਂ ਨੇ ਸੂਬੇ ਦੀ ਰਾਜਧਾਨੀ ਪੇਸ਼ਾਵਰ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਸੁਰੱਖਿਆ ਬੇਹੱਦ ਚੌਕਸ ਕਰ ਦਿੱਤੀ ਐ ਅਤੇ ਦੀਵਾਲੀ ਦੇ ਮੱਦੇਨਜ਼ਰ ਵਿਆਪਕ ਸੁਰੱਖਿਆ ਪ੍ਰਬੰਧਕ ਕੀਤੇ ਗਏ ਨੇ ਤਾਂ ਜੋ ਹਿੰਦੂ ਭਾਈਚਾਰੇ ਦੇ ਲੋਕ ਬੇਖ਼ੌਫ਼ ਹੋ ਕੇ ਦੀਵਾਲੀ ਦਾ ਤਿਓਹਾਰ ਮਨਾ ਸਕਣ।
ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿਚ ਰਹਿੰਦੇ ਹਿੰਦੂਆਂ ਵੱਲੋਂ ਵੀ ਦੀਵਾਲੀ ਦੇ ਤਿਓਹਾਰ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਏ, ਜਿਸ ਦੇ ਚਲਦਿਆਂ ਖ਼ੈਬਰ ਪਖਤੂਨਖਵਾ ਸਰਕਾਰ ਵੱਲੋਂ ਰਾਜਧਾਨੀ ਪੇਸ਼ਾਵਰ ਅਤੇ ਆਸਪਾਸ ਦੇ ਖੇਤਰਾਂ ਵਿਚ ਸੁਰੱਖਿਆ ਵਧਾ ਦਿੱਤੀ ਐ ਤਾਂ ਜੋ ਹਿੰਦੂ ਭਾਈਚਾਰੇ ਦੇ ਲੋਕ ਪੂਰੀ ਆਜ਼ਾਦੀ ਦੇ ਨਾਲ ਦੀਵਾਲੀ ਦਾ ਤਿਓਹਾਰ ਮਨਾ ਸਕਣ। ਦੀਵਾਲੀ ਨੂੰ ਲੈ ਕੇ ਇਲਾਕੇ ਦੇ ਹਿੰਦੂ ਮੰਦਰਾਂ ਵਿਚ ਵਿਆਪਕ ਸੁਰੱਖਿਆ ਪ੍ਰਬੰਧਕ ਕੀਤੇ ਗਏ ਨੇ ਅਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਐ।
ਇਕ ਸੀਨੀਅਰ ਪੁਲਿਸ ਅਧਿਕਾਰੀ ਦੇ ਮੁਤਾਬਕ ਸੂਬਾਈ ਰਾਜਧਾਨੀ ਪੇਸ਼ਾਵਰ ਵਿਚ ਮੁੱਖ ਥਾਵਾਂ ’ਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਐ, ਜਦਕਿ ਕਈ ਟੀਮਾਂ ਨੂੰ 24 ਘੰਟੇ ਗਸ਼ਤ ਅਤੇ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਐ। ਅਧਿਕਾਰੀ ਨੇ ਆਖਿਆ ਕਿ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਅਤੇ ਖ਼ੁਫ਼ੀਆ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਐ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਉਨ੍ਹਾਂ ਆਖਿਆ ਕਿ ਅਸੀਂ ਚਾਹੁੰਦੇ ਆਂ ਕਿ ਹਿੰਦੂ ਭਾਈਚਾਰਾ ਬਿਨਾਂ ਕਿਸੇ ਡਰ ਜਾਂ ਵਿਘਨ ਦੇ ਦੀਵਾਲੀ ਮਨਾ ਸਕੇ, ਜਿਸ ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਨੇ, ਹਿੰਦੂ ਲੋਕਾਂ ਨੇ ਆਪਣੇ ਮੰਦਰਾਂ ਅਤੇ ਘਰਾਂ ਨੂੰ ਰੌਸ਼ਨੀਆਂ ਅਤੇ ਫੁੱਲਾਂ ਨਾਲ ਸਜਾਇਆ ਹੋਇਆ ਏ।
ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਹਿੰਦੂ ਭਾਈਚਾਰੇ ਦੀ ਬਹੁ ਗਿਣਤੀ ਵਾਲੇ ਇਲਾਕਿਆਂ ਤੋਂ ਇਲਾਵਾ ਹੋਰ ਆਲੇ ਦੁਆਲੇ ਦੇ ਜ਼ਿਲਿ੍ਹਆਂ ਵਿਚ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਇਸ ਦੌਰਾਨ ਸਖ਼ਤ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਪੇਸ਼ਾਵਰ ਦੇ ਐਂਟਰੀ ਪੁਆਇੰਟਾਂ ਅਤੇ ਐਗਜ਼ਿਟ ਪੁਆਇੰਟਾਂ ’ਤੇ ਚੌਂਕੀਆਂ ਸਥਾਪਿਤ ਕੀਤੀਆਂ ਗਈਆਂ ਨੇ।
ਦੱਸ ਦਈਏ ਕਿ ਖ਼ੈਬਰ ਪਖਤੂਨਖਵਾ ਇਕ ਸਰਹੱਦੀ ਸਟੇਟ ਐ, ਜਿਸ ਕਰਕੇ ਇੱਥੇ ਬਾਹਰੀ ਹਮਲਿਆਂ ਦਾ ਖ਼ਤਰਾ ਜ਼ਿਆਦਾ ਰਹਿੰਦਾ ੲੈ,,, ਦੂਜਾ ਮੌਜੂਦਾ ਸਮੇਂ ਪਾਕਿਸਤਾਨ ਦੇ ਤਾਲਿਬਾਨ ਅਤੇ ਬਲੋਚਿਸਤਾਨੀਆਂ ਨਾਲ ਵੀ ਸਬੰਧ ਵਿਗੜੇ ਹੋਏ ਨੇ। ਇਸ ਕਰਕੇ ਪਾਕਿਸਤਾਨ ਸਰਕਾਰ ਅਜਿਹਾ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ, ਜਿਸ ਨਾਲ ਕੌਮਾਂਤਰੀ ਪੱਧਰ ’ਤੇ ਉਸ ਦੀ ਖਿੱਲੀ ਉਡੇ।
ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ