ਅਮਰੀਕਾ ’ਚ ਇੰਡੀਅਨ ਅੰਬੈਸੀ ਦੀ ਡੀਸੀਐਮ ਨੂੰ ਮਿਲੇ ਸਿੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਿੱਖਸ ਆਫ਼ ਅਮਰੀਕਾ ਦੇ ਵਫ਼ਦ ਨੇ ਦੱਸੀਆਂ ਸਮੱਸਿਆਵਾਂ

Sikhs meet DCM of Indian Embassy in US

ਵਾਸ਼ਿੰਗਟਨ ਡੀਸੀ (ਸ਼ਾਹ) : ਸਿੱਖਸ ਆਫ਼ ਅਮਰੀਕਾ ਦੇ ਇਕ ਵਫ਼ਦ ਵੱਲੋਂ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿਚ ਰਾਜਧਾਨੀ ਵਾਸ਼ਿੰਗਟਨ ਡੀਸੀ ਸਥਿਤ ਅੰਬੈਸੀ ਦੀ ਡਿਪਟੀ ਚੀਫ਼ ਆਫ਼ ਮਿਸ਼ਨ ਮੈਡਮ ਮਿਸ ਨਾਮੈਗੀਆ ਖਾਂਪਾ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਹੱਕੀ ਮੰਗਾਂ ਸਬੰਧੀ ਜਾਣੂ ਕਰਵਾਇਆ ਗਿਆ। 

ਸਿੱਖਸ ਆਫ਼ ਅਮੈਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿਚ ਇਕ ਵਫ਼ਦ ਵੱਲੋਂ ਅੰਬੈਸੀ ਆਫ਼ ਇੰਡੀਆ ਦੀ ਡਿਪਟੀ ਚੀਫ਼ ਆਫ਼ ਮਿਸ਼ਨ ਮੈਡਮ ਨਾਮੈਗੀਆ ਖਾਂਪਾ ਦੇ ਨਾਲ ਇਕ ਅਹਿਮ ਮੁਲਾਕਾਤ ਕੀਤੀ ਗਈ। ਇਸ ਦੌਰਾਨ ਵਫ਼ਦ ਵਿਚ ਸ਼ਾਮਲ ਸਿੱਖ ਆਗੂਆਂ ਨੇ ਮੈਡਮ ਖਾਂਪਾ ਨੂੰ ਅਮਰੀਕਾ ਵਿਚ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਆਪਣੀਆਂ ਹੱਕੀ ਮੰਗਾਂ ਵੀ ਉਨ੍ਹਾਂ ਸਾਹਮਣੇ ਰੱਖੀਆਂ। ਮੈਡਮ ਖਾਂਪਾ ਹਾਲੇ ਕੁੱਝ ਦਿਨ ਪਹਿਲਾਂ ਹੀ ਨੈਰੋਬੀ ਤੋਂ ਬਦਲ ਕੇ ਇੱਥੇ ਆਏ ਨੇ।

ਸਿੱਖਸ ਆਫ਼ ਅਮੈਰੀਕਾ ਦੇ ਵਫ਼ਦ ਨੇ ਇਸ ਦੌਰਾਨ ਡੀਸੀਐਮ ਜ਼ਰੀਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੀ ਇਕ ਬੇਨਤੀ ਪੱਤਰ ਦਿੱਤਾ, ਜਿਸ ਵਿਚ ਪੰਜਾਬ ਦੇ ਹੜ੍ਹ ਪੀੜਤਾਂ ਲਈ ਹੋਰ ਰਾਹਤ ਫੰਡ ਜਾਰੀ ਕਰਨ ਦੀ ਮੰਗ ਕੀਤੀ ਗਈ।  ਡੀਸੀਐਮ ਮੈਡਮ ਖਾਂਪਾ ਨੇ ਵਫ਼ਦ ਦੇ ਵਿਚਾਰਾਂ ਨੂੰ ਬਹੁਤ ਸੰਜ਼ੀਦਗੀ ਨਾਲ ਸੁਣਿਆ ਅਤੇ ਹਰ ਇਕ ਮਸਲੇ ਦੇ ਹੱਲ ਲਈ ਸਹਿਮਤੀ ਪ੍ਰਗਟਾਈ। ਉਨ੍ਹਾਂ ਵੱਲੋਂ ਸਿੱਖਸ ਆਫ਼ ਅਮੈਰੀਕਾ ਦੇ ਵਫ਼ਦ ਵਿਚ ਮੌਜੂਦ ਸਾਰੇ ਮੈਂਬਰਾਂ ਨੂੰ ਉੱਘੇ ਲੇਖਕ ਹਰਬੰਸ ਸਿੰਘ ਦੀ ਪੁਸਤਕ ‘ਦਿ ਹੈਰੀਟੇਜ਼ ਆਫ਼ ਦਿ ਸਿੱਖਸ’ ਵੀ ਭੇਂਟ ਕੀਤੀ।

ਇਸ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਖਸ ਆਫ਼ ਅਮੈਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਅੰਬੈਸੀ ਆਫ਼ ਇੰਡੀਆ ਦੀ ਡੀਸੀਐਮ ਦੇ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਕਈ ਅਹਿਮ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਹੋਇਆ। ਉਨ੍ਹਾਂ ਕਿਹਾ ਕਿ ਵਫ਼ਦ ਵੱਲੋਂ ਮੈਡਮ ਖਾਂਪਾ ਨੂੰ ਅਮਰੀਕਾ ਵਿਚ ਆਉਣ ’ਤੇ ਜੀ ਆਇਆਂ ਵੀ ਕਿਹਾ ਗਿਆ ਅਤੇ ਉਨ੍ਹਾਂ ਵੱਲੋਂ ਵੀ ਸਿੱਖਸ ਆਫ਼ ਅਮੈਰੀਕਾ ਨੂੰ ਅੰਬੈਸੀ ਦੇ ਕਿਸੇ ਵੀ ਸਹਿਯੋਗ ਲਈ ਪੇਸ਼ਕਸ਼ ਕੀਤੀ ਗਈ ਐ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਐ ਕਿ ਇਸ ਮੁਲਾਕਾਤ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ।

ਦੱਸ ਦਈਏ ਕਿ ਇਸ ਵਫ਼ਦ ਵਿਚ ਚੇਅਰਮੈਨ ਜਸਦੀਪ ਸਿੰਘ ਜੱਸੀ ਤੋਂ ਇਲਾਵਾ ਕਮਲਜੀਤ ਸਿੰਘ ਸੋਨੀ ਪ੍ਰਧਾਨ, ਬਲਜਿੰਦਰ ਸਿੰਘ ਸ਼ੰਮੀ ਮੀਤ ਪ੍ਰਧਾਨ, ਸੁਖਪਾਲ ਸਿੰਘ ਧਨੋਆ ਡਾਇਰੈਕਟਰ, ਵਰਿੰਦਰ ਸਿੰਘ, ਗੁਰਵਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਕਰਨ ਸਿੰਘ, ਗੁਰਪ੍ਰੀਤ ਸਿੰਘ ਨਕੱਈ ਅਤੇ ਪ੍ਰਭਜੋਤ ਬੱਤਰਾ ਸ਼ਾਮਲ ਸਨ।