ਨਿਊ ਸਾਊਥ ਵੇਲਜ਼ ਦੇ ਅੱਗ ਪੀੜਤਾਂ ਲਈ ਮਸੀਹਾ ਬਣੀ 'ਖ਼ਾਲਸਾ ਏਡ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜੰਗਲ ਦੀ ਅੱਗ ਨੇ ਇਲਾਕੇ 'ਚ ਮਚਾਈ ਸੀ ਤਬਾਹੀ , ਜ਼ਰੂਰਤ ਦਾ ਸਮਾਨ ਲੈ ਕੇ ਪੁੱਜੇ ਸਿੱਖ ਵਾਲੰਟੀਅਰ

Khalsa Aid help of fire victims in New South Wales

ਆਸਟ੍ਰੇਲੀਆ (ਪਰਮਵੀਰ ਸਿੰਘ ਆਹਲੂਵਾਲੀਆ )- ਵਿਸ਼ਵ ਭਰ ਪ੍ਰਸਿੱਧ ਸਮਾਜ ਸੇਵੀ ਸਿੱਖ ਸੰਸਥਾ 'ਖ਼ਾਲਸਾ ਏਡ' ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਲੋਕਾਂ ਲਈ ਮਸੀਹਾ ਬਣ ਕੇ ਬਹੁੜੀ ਹੈ ਕਿਉਂਕਿ ਇੱਥੇ ਜੰਗਲਾਂ ਵਿਚ ਭਿਆਨਕ ਅੱਗ ਲੱਗਣ ਕਾਰਨ ਆਮ ਲੋਕਾਂ ਦਾ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ ਹੈ। ਕਈ ਥਾਵਾਂ 'ਤੇ ਲੋਕਾਂ ਦੇ ਘਰ, ਟਰੈਕਟਰ ਅਤੇ ਕਾਰਾਂ ਵੀ ਲਪੇਟ ਵਿਚ ਆ ਗਈਆਂ ਹਨ ਅਤੇ ਉਹ ਘਰੋਂ ਬੇਘਰ ਹੋ ਗਏ ਹਨ ਅਜਿਹੇ ਵਿਚ ਖ਼ਾਲਸਾ ਏਡ ਦੇ ਵਾਲੰਟੀਅਰਾਂ ਨੇ ਪ੍ਰਭਾਵਿਤ ਇਲਾਕੇ ਵਿਚ ਪਹੁੰਚ ਕੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ।

ਨਿਊ ਸਾਊਥ ਵੇਲਜ਼ ਦੇ ਜੰਗਲਾਂ ਵਿਚ ਲੱਗੀ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਵਿਚ ਬਹੁਤ ਸਾਰੇ ਜੰਗਲੀ ਜਾਨਵਰਾਂ ਦੀ ਵੀ ਸੜ ਕੇ ਮੌਤ ਹੋ ਗਈ। ਅੱਗ ਨਾਲ ਵੱਡਾ ਨੁਕਸਾਨ ਝੱਲਣ ਵਾਲੇ ਲੋਕ ਖਾਣ ਪੀਣ ਅਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਤੋਂ ਤੰਗ ਹੋ ਗਏ ਪਰ ਆਲਮੀ ਪੱਧਰ 'ਤੇ ਮਨੁੱਖਤਾ ਦੀ ਭਲਾਈ ਲਈ ਜਾਣੀ ਜਾਂਦੀ ਸਿੱਖ ਸੰਸਥਾ ਖਾਲਸਾ ਏਡ ਵੱਲੋਂ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਪੀੜਤਾ ਲਈ ਪੀਣ ਵਾਲਾ ਪਾਣੀ, ਖਾਣਾ, ਜਾਨਵਰਾਂ ਦੇ ਚਾਰੇ ਦੇ ਪ੍ਰਬੰਧ ਨਾਲ-ਨਾਲ ਹੋਰ ਵੀ ਮਦਦ ਕੀਤੀ ਜਾ ਰਹੀਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ 'ਖ਼ਾਲਸਾ ਏਡ' ਦੇ ਮੈਂਬਰ ਨੇ ਦੱਸਿਆ ਕਿ ਖ਼ਾਲਸਾ ਏਡ ਵੱਲੋਂ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ-ਨਾਲ ਹੋਰ ਸਮਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। 'ਖ਼ਾਲਸਾ ਏਡ' ਦੇ ਇਸ ਕਦਮ ਨਾਲ ਆਸਟ੍ਰੇਲੀਆ ਭਰ ਵਿਚ ਸਿੱਖ ਆਪਣੀ ਪਹਿਚਾਣ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਵਿਚ ਕਾਫ਼ੀ ਹੱਦ ਤੱਕ ਸਫ਼ਲ ਹੋ ਰਹੇ ਹਨ। ਦੱਸ ਦਈਏ ਕਿ ਹਰ ਸਾਲ ਗਰਮੀ ਦੀ ਰੁੱਤ ਵਿਚ ਜੰਗਲਾਂ ਨੂੰ ਅੱਗ ਲੱਗਣ ਦੇ ਕਾਰਨ ਆਸਟ੍ਰੇਲੀਆ ਦੇ ਇਸ ਇਲਾਕੇ ਵਿਚ ਕਾਫ਼ੀ ਨੁਕਸਾਨ ਹੁੰਦਾ ਹੈ।