ਮੁਬੰਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਨੂੰ ਦੋ ਹੋਰ ਮਾਮਲਿਆਂ 'ਚ 10 ਸਾਲ ਦੀ ਕੈਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਈਦ ਦੇ 2 ਸਾਥੀਆਂ ਨੂੰ 10-10 ਸਾਲ ਦੀ ਕੈਦ ਸੁਣਾਈ ਅਤੇ ਉਸ ਦੇ ਸਾਲੇ ਨੂੰ 6 ਮਹੀਨੇ ਦੀ ਹੋਈ ਸਜ਼ਾ

image

ਲਾਹੌਰ, 19 ਨਵੰਬਰ : ਪਾਕਿਸਤਾਨ ਦੀ ਇਕ ਅਤਿਵਾਦ ਰੋਧੀ ਅਦਾਲਤ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਅਤੇ ਜਮਾਤ ਉਦ ਦਾਵਾ (ਜੇ.ਯੂ.ਡੀ.) ਦੇ ਸਰਗਨਾ ਹਾਫਿਜ਼ ਸਈਦ ਨੂੰ 2 ਹੋਰ ਮਾਮਲਿਆਂ ਵਿਚ ਵੀਰਵਾਰ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ। ਸੰਯੁਕਤ ਰਾਸ਼ਟਰ ਨੇ ਸਈਦ ਨੂੰ ਗਲੋਬਲ ਅਤਿਵਾਦੀ ਘੋਸ਼ਿਤ ਕੀਤਾ ਸੀ ਅਤੇ ਅਮਰੀਕਾ ਨੇ ਉਸ 'ਤੇ 1 ਕਰੋੜ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਹੈ।

image


ਮੁੰਬਈ ਵਿਚ 2008 ਵਿਚ ਹੋਏ ਅਤਿਵਾਦੀ ਹਮਲੇ ਵਿਚ ਹਾਫਿਜ਼ ਸਈਦ ਭਾਰਤ ਵਿਚ ਵਾਂਟਡ ਹੈ। ਇਸ ਹਮਲੇ ਵਿਚ 10 ਅਤਿਵਾਦੀਆਂ ਨੇ 166 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਸੀ। ਉਥੇ ਹੀ ਸੈਂਕੜੇ ਲੋਕ ਜ਼ਖ਼ਮੀ ਹੋ ਗਏ ਸਨ।


ਉਸ ਨੂੰ ਅਤਿਵਾਦੀ ਕਾਰਵਾਈਆਂ ਲਈ ਵਿੱਤੀ ਮਦਦ ਉਪਲੱਬਧ ਕਰਾਉਣ ਦੇ ਮਾਮਲੇ ਵਿਚ ਪਿਛਲੇ ਸਾਲ 17 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਤਿਵਾਦ ਰੋਧੀ ਅਦਾਲਤ ਨੇ ਅਤਿਵਾਦੀ ਕਾਰਵਾਈਆਂ ਲਈ ਵਿੱਤੀ ਮਦਦ ਉਪਲੱਬਧ ਕਰਾਉਣ ਦੇ 2 ਮਾਮਲਿਆਂ ਵਿਚ ਉਸ ਨੂੰ ਇਸ ਸਾਲ ਫ਼ਰਵਰੀ ਵਿਚ 11 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਉਹ ਲਾਹੌਰ ਦੀ ਉੱਚ ਸੁਰੱਖਿਆ ਵਾਲੀ ਅਦਾਲਤ ਲਖਪਤ ਜੇਲ ਵਿਚ ਬੰਦ ਹੈ।
ਅਦਾਲਤ ਦੇ ਇਕ ਅਧਿਕਾਰੀ ਨੇ ਕਿਹਾ, 'ਲਾਹੌਰ ਸਥਿਤ ਅਤਿਵਾਦ ਰੋਧੀ ਅਦਾਲਤ ਨੇ ਵੀਰਵਾਰ ਨੂੰ ਜਮਾਤ ਉਦ ਦਾਵਾ ਦੇ ਸਰਗਨਾ ਸਈਦ ਸਮੇਤ ਇਸ ਦੇ 4 ਨੇਤਾਵਾਂ ਨੂੰ 2 ਹੋਰ ਮਾਮਲਿਆਂ ਵਿਚ ਸਜ਼ਾ ਸੁਣਾਈ। ਸਈਦ ਅਤੇ ਉਸ ਦੇ 2 ਸਾਥੀਆਂ-ਜਫਰ ਇਕਬਾਲ ਅਤੇ ਯਾਹੀਆ ਮੁਜਾਹਿਦ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦੋਂ ਕਿ ਉਸ ਦੇ ਸਾਲੇ ਅਬਦੁਲ ਰਹਿਮਾਨ ਮੱਕੀ ਨੂੰ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।
(ਪੀਟੀਆਈ)