ਭਾਰਤੀ ਮੂਲ ਦੇ ਸਿੱਖਿਆ ਸ਼ਾਸਤਰੀ ਸੁਨੀਲ ਕੁਮਾਰ ਨੂੰ ਅਮਰੀਕਾ ’ਚ ਮਿਲੀ ਵੱਡੀ ਜ਼ਿੰਮੇਵਾਰੀ 

ਏਜੰਸੀ

ਖ਼ਬਰਾਂ, ਕੌਮਾਂਤਰੀ

 ਟਫ਼ਟਸ ਯੂਨੀਵਰਸਟੀ 'ਚ ਪ੍ਰਧਾਨ ਦੇ ਅਹੁਦੇ 'ਤੇ ਪਹੁੰਚਣ ਵਾਲੇ ਬਣੇ ਪਹਿਲੇ ਗ਼ੈਰ-ਗੋਰੇ ਵਿਅਕਤੀ

Sunil Kumar Appointed Tufts University’s Next President

1 ਜੁਲਾਈ 2023 ਨੂੰ ਟਫਟਸ 'ਵਰਸਟੀ ਦੇ 14ਵੇਂ ਪ੍ਰਧਾਨ ਵਜੋਂ ਸੰਭਾਲਣਗੇ ਅਹੁਦਾ 

ਨਿਊਯਾਰਕ  : ਉੱਘੇ ਭਾਰਤੀ-ਅਮਰੀਕੀ ਸਿਖਿਆ ਸ਼ਾਸਤਰੀ ਸੁਨੀਲ ਕੁਮਾਰ ਨੂੰ ਮੈਸੇਚਿਉਸੇਟਸ ਸਥਿਤ ਟਫ਼ਟਸ ਯੂਨੀਵਰਸਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਇਸ ਅਹੁਦੇ ’ਤੇ ਪੁੱਜਣ ਵਾਲੇ ਪਹਿਲੇ ਗੈਰ-ਗੋਰੇ ਵਿਅਕਤੀ ਹਨ। ਇਹ ਜਾਣਕਾਰੀ ਯੂਨੀਵਰਸਟੀ ਵਲੋਂ ਜਾਰੀ ਬਿਆਨ ਵਿਚ ਦਿਤੀ ਗਈ।

ਜਾਣਕਾਰੀ ਅਨੁਸਾਰ ਵਰਤਮਾਨ ਵਿਚ ਜੌਨਸ ਹੌਪਕਿੰਸ ਯੂਨੀਵਰਸਟੀ ਵਿਚ ਅਕਾਦਮਿਕ ਮਾਮਲਿਆਂ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰੋਵੋਸਟ ਦੇ ਅਹੁਦੇ ’ਤੇ ਤਾਇਨਜ ਕੁਮਾਰ ਨੂੰ ਟਫਟਸ ਯੂਨੀਵਰਸਟੀ ਦੇ ਟਰੱਸਟੀ ਬੋਰਡ ਵਲੋਂ ਅਗਲੇ ਪ੍ਰਧਾਨ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਹ 1 ਜੁਲਾਈ 2023 ਨੂੰ ਟਫਟਸ ਯੂਨੀਵਰਸਟੀ ਦੇ 14ਵੇਂ ਪ੍ਰਧਾਨ ਵਜੋਂ ਐਂਥਨੀ ਮੋਨਾਕੋ ਦੀ ਥਾਂ ਲੈਣਗੇ।

ਬਿਆਨ ’ਚ ਕਿਹਾ ਗਿਆ ਹੈ ਕਿ ਕੁਮਾਰ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਗੈਰ-ਗੋਰੇ ਵਿਅਕਤੀ ਹੋਣਗੇ। ਬੋਰਡ ਆਫ਼ ਟਰੱਸਟੀਜ਼ ਦੇ ਚੇਅਰਮੈਨ ਅਤੇ ਪ੍ਰੈਜ਼ੀਡੈਂਸ਼ੀਅਲ ਸਰਚ ਕਮੇਟੀ ਦੇ ਚੇਅਰਮੈਨ ਪੀਟਰ ਡੋਲਨ ਨੇ ਕਿਹਾ ਕਿ ਕੁਮਾਰ ਦਾ ਇੱਕ ਨੇਤਾ, ਸਿੱਖਿਅਕ ਅਤੇ ਸਹਿਯੋਗੀ ਦੇ ਤੌਰ ’ਤੇ ਬਹੁਤ ਮਜ਼ਬੂਤ ਰਿਕਾਰਡ ਹੈ। ਭਾਰਤ ਵਿੱਚ ਜਨਮੇ ਕੁਮਾਰ ਇੱਕ ਪੁਲਸ ਅਧਿਕਾਰੀ ਦੇ ਪੁੱਤਰ ਹਨ ਅਤੇ ਇਸ ਤੋਂ ਪਹਿਲਾਂ ਉਹ ਯੂਨੀਵਰਸਿਟੀ ਆਫ ਸ਼ਿਕਾਗੋ ਬੂਥ ਸਕੂਲ ਆਫ਼ ਬਿਜ਼ਨੈੱਸ ਦੇ ਡੀਨ ਰਹਿ ਚੁੱਕੇ ਹਨ।