ਪਾਕਿਸਤਾਨ ਦੀ ਪਹਿਲੀ ਟ੍ਰਾਂਸਜੈਂਡਰ ਡਾਕਟਰ ਬਣੀ ਸਾਰਾ ਗਿੱਲ 

ਏਜੰਸੀ

ਖ਼ਬਰਾਂ, ਕੌਮਾਂਤਰੀ

ਮੈਂ ਆਪਣੀ NGO ਦੀ ਮਦਦ ਨਾਲ ਟ੍ਰਾਂਸਜੈਂਡਰ ਭਾਈਚਾਰੇ ਲਈ ਕੰਮ ਕਰਨਾ ਜਾਰੀ ਰੱਖਾਂਗੀ - ਸਾਰਾ ਗਿੱਲ 

Sarah Gill

 

ਇਸਲਾਮਾਬਾਦ : ਪਾਕਿਸਤਾਨ ਦੀ ਪਹਿਲੀ ਟ੍ਰਾਂਸਜੈਂਡਰ ਡਾਕਟਰ ਬਣ ਕੇ ਸਾਰਾ ਗਿੱਲ ਨੇ ਇਤਿਹਾਸ ਰਚ ਦਿੱਤਾ ਹੈ। ਇਸ ਮੌਕੇ 23 ਸਾਲਾ ਗਿੱਲ ਨੇ ਕਿਹਾ ਕਿ 'ਮੈਨੂੰ ਪਾਕਿਸਤਾਨ ਦੀ ਪਹਿਲੀ ਟ੍ਰਾਂਸਜੈਂਡਰ ਡਾਕਟਰ ਹੋਣ 'ਤੇ ਮਾਣ ਹੈ। ਮੈਂ ਆਪਣੀ NGO ਦੀ ਮਦਦ ਨਾਲ ਟ੍ਰਾਂਸਜੈਂਡਰ ਭਾਈਚਾਰੇ ਲਈ ਕੰਮ ਕਰਨਾ ਜਾਰੀ ਰੱਖਾਂਗੀ। ਜ਼ਿੰਦਗੀ ਵਿਚ ਮੁਸ਼ਕਿਲਾਂ ਆਉਂਦੀਆਂ ਰਹਿੰਦੀਆਂ ਹਨ ਪਰ ਜੇਕਰ ਤੁਹਾਡੇ ਅੰਦਰ ਜਜ਼ਬਾ ਹੈ ਤਾਂ ਤੁਹਾਡੇ ਕਦਮਾਂ ਨੂੰ ਕੋਈ ਨਹੀਂ ਰੋਕ ਸਕਦਾ। ਤੁਸੀਂ ਯਕੀਨੀ ਤੌਰ 'ਤੇ ਸਫ਼ਲਤਾ ਵੱਲ ਵਧੋਗੇ।

ਜ਼ਿਕਰਯੋਗ ਹੈ ਕਿ ਸਾਰਾ ਗਿੱਲ ਨੇ ਕਰਾਚੀ ਦੇ ਜਿਨਾਹ ਮੈਡੀਕਲ ਅਤੇ ਡੈਂਟਲ ਕਾਲਜ ਤੋਂ ਐਮਬੀਬੀਐਸ ਆਖ਼ਰੀ ਸਾਲ ਦੀ ਪ੍ਰੀਖਿਆ ਪਾਸ ਕੀਤੀ। ਉਹ ਪਾਕਿਸਤਾਨ ਵਿਚ ਟ੍ਰਾਂਸਜੈਂਡਰਾਂ ਲਈ ਕੰਮ ਕਰਨ ਵਾਲੀ ਇੱਕ NGO ਨਾਲ ਵੀ ਜੁੜੀ ਹੋਈ ਹੈ। ਸਾਰਾ ਨੇ ਦੱਸਿਆ ਕਿ ਕਿਵੇਂ ਪਾਕਿਸਤਾਨ ਵਿਚ ਮਾਪੇ ਸਮਾਜ ਦੇ ਦਬਾਅ ਹੇਠ ਆਪਣੇ ਟ੍ਰਾਂਸਜੈਂਡਰ ਬੱਚਿਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਸਾਰਾ ਨੇ ਸਮਾਜ ਨੂੰ ਅਪੀਲ ਕੀਤੀ ਕਿ ਟ੍ਰਾਂਸਜੈਂਡਰ ਬੱਚਿਆਂ ਨੂੰ ਘਰੋਂ ਬਾਹਰ ਕੱਢਣਾ ਬੰਦ ਕੀਤਾ ਜਾਵੇ। ਦੱਸ ਦਈਏ ਕਿ ਹਾਲ ਹੀ ਦੇ ਸਾਲਾਂ ਵਿਚ ਪਾਕਿਸਤਾਨ ਵਿਚ ਟ੍ਰਾਂਸਜੈਂਡਰ ਆਬਾਦੀ ਨੂੰ ਸਸ਼ਕਤ ਕਰਨ ਲਈ ਕਦਮ ਚੁੱਕੇ ਗਏ ਹਨ।

ਟ੍ਰਾਂਸਜੈਂਡਰ ਨਾਗਰਿਕ ਵਜੋਂ ਉਨ੍ਹਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਵਿਤਕਰੇ ਨੂੰ ਰੋਕਣ ਲਈ 2018 ਵਿਚ ਇੱਕ ਵਿਸ਼ੇਸ਼ ਕਾਨੂੰਨ ਬਣਾਇਆ ਗਿਆ ਹੈ।ਮੁਲਤਾਨ ਵਿਚ ਟ੍ਰਾਂਸਜੈਂਡਰਾਂ ਲਈ ਵਿਸ਼ੇਸ਼ ਸਕੂਲ ਖੋਲ੍ਹਿਆ ਗਿਆ ਹੈ। ਪਿਛਲੇ ਸਾਲ ਜੁਲਾਈ ਵਿਚ, ਪਾਕਿਸਤਾਨ ਦੇ ਟ੍ਰਾਂਸਜੈਂਡਰ ਲਈ ਮੁਲਤਾਨ ਵਿੱਚ ਇੱਕ ਵਿਸ਼ੇਸ਼ ਸਕੂਲ ਖੋਲ੍ਹਿਆ ਗਿਆ ਸੀ। ਟ੍ਰਾਂਸਜੈਂਡਰਾਂ ਨੇ ਪਹਿਲੀ ਵਾਰ ਇਸ ਵਿੱਚ ਦਾਖਲਾ ਲਿਆ। ਇਸ ਸਕੂਲ ਵਿੱਚ ਨਰਸਰੀ ਤੋਂ ਸੈਕੰਡਰੀ ਜਮਾਤ ਤੱਕ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਹੈ।