ਜਾਨ ਖ਼ਤਰੇ 'ਚ ਪਾ ਕੇ ਔਰਤ ਲੈਂਦੀ ਰਹੀ 'ਸੈਲਫੀ', ਵੇਖਦੇ ਹੀ ਵੇਖਦੇ ਨਦੀ 'ਚ ਡੁੱਬੀ ਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸ ਪਾਸ ਦੇ ਲੋਕਾਂ ਨੇ ਭੱਜ ਕੇ ਬਚਾਈ ਜਾਨ

photo

 

ਟੋਰਾਂਟੋ : ਅੱਜ ਦੇ ਆਧੁਨਿਕ ਯੁੱਗ ਵਿੱਚ ਜਿੱਥੇ ਨੌਜਵਾਨ ਪੀੜ੍ਹੀ 'ਚ ਸੈਲਫੀ ਦਾ ਕਰੇਜ ਖੂਬ ਦੇਖਣ ਨੂੰ ਮਿਲਦਾ ਹੈ, ਉਥੇ ਹੀ ਕਈ ਲੋਕ ਇਸਨੂੰ ਕਿਸੇ ਤਰ੍ਹਾਂ ਦੇ ਸਰਾਪ ਦੀ ਤਰ੍ਹਾਂ ਵੀ ਦੇਖਦੇ ਹਨ। ਸੈਲਫੀ ਲੈਣ ਦੇ ਚੱਕਰ 'ਚ ਕਈ ਨੌਜਵਾਨਾਂ ਦੇ ਜਾਨ ਗੁਆ ਦੇਣ ਦੀ ਖ਼ਬਰ ਸਾਹਮਣੇ ਆਈ ਸੀ।

 

 ਅਜਿਹਾ ਹੀ ਮਾਮਲਾ ਕੁਝ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਦੀ ਕਾਰ ਜੰਮੀ ਹੋਈ ਨਦੀ ਵਿੱਚ ਫਸ ਗਈ ਅਤੇ ਡੁੱਬਣ ਲੱਗੀ ਪਰ ਇਸ ਤੋਂ ਪਹਿਲਾਂ ਕਿ ਉਸ ਦੀ ਕਾਰ ਪੂਰੀ ਤਰ੍ਹਾਂ ਡੁੱਬ ਜਾਂਦੀ, ਔਰਤ ਕਿਸੇ ਤਰ੍ਹਾਂ ਕਾਰ ਦੇ ਉੱਪਰ ਚੜ੍ਹ ਕੇ ਇਸ ਹਾਦਸੇ ਦੀ ਸੈਲਫੀ ਲੈਣ ਵਿਚ ਕਾਮਯਾਬ ਹੋ ਗਈ। ਕੈਨੇਡੀਅਨ ਪੁਲਿਸ ਨੇ ਮਹਿਲਾ ਡਰਾਈਵਰ 'ਤੇ ਖਤਰਨਾਕ ਡਰਾਈਵਿੰਗ ਕਰਨ ਦਾ ਦੋਸ਼ ਲਗਾਇਆ ਹੈ। ਖ਼ਬਰਾਂ 'ਚ ਆਈ ਤਸਵੀਰ 'ਚ ਔਰਤ ਆਪਣੀ ਪੀਲੀ ਕਾਰ ਦੇ ਉੱਪਰ ਖੜ੍ਹੀ ਹੋ ਕੇ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ।

 

 

 ਪ੍ਰਾਪਤ ਜਾਣਕਾਰੀ ਅਨੁਸਾਰ ਓਟਾਵਾ ਦੇ ਮੈਨੋਟਿਕਾ ਵਿੱਚ ਔਰਤ ਦੀ ਕਾਰ ਰਿਡੋ ਨਦੀ ਵਿੱਚ ਫਸ ਗਈ ਸੀ ਅਤੇ ਔਰਤ ਮਸਤੀ ਨਾਲ ਸੈਲਫੀ ਲੈ ਰਹੀ ਸੀ ਤਾਂ ਆਸ-ਪਾਸ ਮੌਜੂਦ ਸਥਾਨਕ ਲੋਕ ਉਸ ਨੂੰ ਬਚਾਉਣ ਲਈ ਭੱਜ-ਦੌੜ ਕਰ ਰਹੇ ਸਨ। ਅੰਤ ਵਿੱਚ ਉਸ ਨੂੰ ਰੱਸੀ ਨਾਲ ਬੰਨ੍ਹੀ ਕਿਸ਼ਤੀ ਦੀ ਮਦਦ ਨਾਲ ਨਦੀ ਵਿੱਚ ਇੱਕ ਵੱਡੇ ਟੋਏ ਵਿੱਚ ਡੁੱਬਣ ਤੋਂ ਬਚਾ ਲਿਆ ਗਿਆ।

ਜਦੋਂ ਤੱਕ ਕਿਸ਼ਤੀ ਔਰਤ ਤੱਕ ਪਹੁੰਚੀ, ਉਸਦੀ ਕਾਰ ਲਗਭਗ ਪੂਰੀ ਤਰ੍ਹਾਂ ਡੁੱਬ ਚੁੱਕੀ ਸੀ ਅਤੇ ਸਿਰਫ ਉਸਦੀ ਛੱਤ ਹੀ ਦਿਖਾਈ ਦੇ ਰਹੀ ਸੀ।ਰਿਪੋਰਟ ਮੁਤਾਬਕ ਕਾਰ ਅਜੇ ਵੀ ਉਥੇ ਹੀ ਡੁੱਬੀ ਹੋਈ ਹੈ।