ਦੁਬਈ ਪੁਲਿਸ ਨੇ ਅਪਣੇ ਬੇੜੇ ’ਚ ਸ਼ਾਮਲ ਕੀਤੀ ਇਹ ਮਹਿੰਗੀ ਸੂਪਰਕਾਰ, ਵਿਸ਼ੇਸ਼ਤਾਵਾਂ ਜਾਣ ਕੇ ਰਹਿ ਜਾਓਗੇ ਹੈਰਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਪਰਾਧੀਆਂ ਨੂੰ ਫੜਨ ਲਈ 330 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲ ਸਕਦੀ ਹੈ ਕਾਰ

Police Cars

ਜੇ ਤੁਸੀਂ ਕਿਸੇ ਸੜਕ ’ਤੇ ਤੁਰ ਰਹੇ ਹੋ ਅਤੇ ਅਚਾਨਕ ਇਕ ਚਮਕਦੀ ਰੌਸ਼ਨੀ ਅਤੇ ਸਾਇਰਨ ਵਾਲਾ ਮੈਕਲਾਰੇਨ ਆਰਟੂਰਾ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਬਿਹਤਰ ਰਹੇਗਾ ਕਿ ਤੁਸੀਂ ਰੁਕ ਜਾਓ। ਇਹ ਇਸ ਲਈ ਹੈ ਕਿਉਂਕਿ ਤੁਸੀਂ ਦੁਬਈ ’ਚ ਹੋ ਅਤੇ ਇੱਥੇ ਪੁਲਿਸ ਨੇ ਇਸ ਬੇਹੱਦ ਮਹਿੰਗੀ ਸੂਪਰਕਾਰ ਨੂੰ ਅਪਣੇ ਬੇੜੇ ’ਚ ਸ਼ਾਮਲ ਕੀਤਾ ਹੈ। 

ਦੁਬਈ ਵਿਚ ਰਹਿਣ ਵਾਲੇ ਲੋਕਾਂ ਨੂੰ ਸੜਕਾਂ ’ਤੇ ਮੈਕਲਾਰੇਨ ਆਰਟੂਰਾ ਸੁਪਰਕਾਰ ਨੂੰ ਵੇਖਣ ਲਈ ਅਪਣੀਆਂ ਅੱਖਾਂ ਖੁਲ੍ਹੀਆਂ ਰੱਖਣ ਦੀ ਜ਼ਰੂਰਤ ਹੈ। ਦੁਬਈ ਦੀ ਪੁਲਿਸ ਫੋਰਸ ਪਹਿਲਾਂ ਹੀ ਅਪਣੀ ਪ੍ਰਭਾਵਸ਼ਾਲੀ ਸੁਪਰਕਾਰ ਲਾਈਨਅਪ ਲਈ ਜਾਣੀ ਜਾਂਦੀ ਹੈ। ਉਸ ਕੋਲ ਇਕ ਜੈੱਟ ਕਾਰ ਵੀ ਹੈ, ਜੋ ਪਾਣੀ ’ਤੇ ਤੇਜ਼ ਰਫਤਾਰ ਨਾਲ ਚੱਲ ਸਕਦੀ ਹੈ। ਉਸ ਕੋਲ 260,000 ਡਾਲਰ ਦੀ ਲੈਂਬੋਰਗਿਨੀ ਉਰੂਸ ਵੀ ਹੈ। ਫੋਰਸ ਕੋਲ ਅਪਣੇ ਗੈਰੇਜ ’ਚ 300,000 ਬੈਂਟਲੇ ਕਾਂਟੀਨੈਂਟਲ ਅਤੇ ਇਕ ਬੁਗਾਟੀ ਵੇਰੋਨ ਵੀ ਹੈ। 

ਨਵੀਨਤਮ ਸ਼ਾਮਲ ਕਾਰ ਮੈਕਲਾਰੇਨ ਆਰਟੂਰਾ ਹੈ, ਜੋ ਦੁਨੀਆਂ ਦੀ ਇਕਲੌਤੀ ਕਾਰ ਹੈ ਜੋ ਪੁਲਿਸ ਫੋਰਸ ਦਾ ਹਿੱਸਾ ਬਣੀ ਹੈ। ਇਹ ਬਾਜ਼ਾਰ ਵਿਚ ਸੱਭ ਤੋਂ ਤੇਜ਼ ਕਾਰਾਂ ਵਿਚੋਂ ਇਕ ਹੈ, ਜਿਸ ਦੀ ਸਿਖਰਲੀ ਰਫ਼ਤਾਰ 330 ਕਿਲੋਮੀਟਰ ਪ੍ਰਤੀ ਘੰਟਾ ਤਕ ਜਾ ਸਕਦੀ ਹੈ ਅਤੇ ਇਹ ਸਿਰਫ ਤਿੰਨ ਸਕਿੰਟਾਂ ਵਿਚ 60 ਮੀਲ ਪ੍ਰਤੀ ਘੰਟਾ (97 ਕਿਲੋਮੀਟਰ ਪ੍ਰਤੀ ਘੰਟਾ) ਤਕ ਪਹੁੰਚ ਸਕਦੀ ਹੈ। ਇਸ ਹਾਈ ਪਰਫਾਰਮੈਂਸ ਹਾਈਬ੍ਰਿਡ ਸੁਪਰਕਾਰ ਦੀ ਕੀਮਤ ਕਰੋੜਾਂ ਰੁਪਏ ਹੈ। ਇਹ ਮੈਕਲਾਰੇਨ ਦੁਬਈ ਅਤੇ ਦੁਬਈ ਪੁਲਿਸ ਨਾਲ ਭਾਈਵਾਲੀ ਦੀ ਗਵਾਹੀ ਦਿੰਦਾ ਹੈ। 

ਦੁਬਈ ਪੁਲਿਸ ਦੇ ਕਮਾਂਡਰ-ਇਨ-ਚੀਫ ਲੈਫਟੀਨੈਂਟ ਜਨਰਲ ਅਬਦੁੱਲਾ ਖਲੀਫਾ ਅਲ ਮਾਰੀ ਨੇ ਕਿਹਾ, ‘‘ਮੈਕਲਾਰੇਨ ਆਰਤੂਰਾ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਅਪਣੇ ਮਿਸ਼ਨ ’ਚ ਦੁਬਈ ਪੁਲਿਸ ਅਧਿਕਾਰੀਆਂ ਵਲੋਂ ਤਾਇਨਾਤ ਗੱਡੀਆਂ ’ਚ ਅਤਿ ਆਧੁਨਿਕ ਤਕਨਾਲੋਜੀਆਂ ਅਤੇ ਬੇਮਿਸਾਲ ਪ੍ਰਦਰਸ਼ਨ ਦੀ ਇਕ ਵਧੀਆ ਉਦਾਹਰਣ ਹੈ।’’