'84 ਦੇ ਦੰਗਿਆਂ ਨੂੰ ਸਿੱਖ ਕਤਲੇਆਮ ਕਰਾਰ ਦੇਣ ਦੀ ਮੰਗ 'ਤੇ ਘਿਰੇ ਜਗਮੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

'84 ਦੇ ਦੰਗਿਆਂ ਨੂੰ ਸਿੱਖ ਕਤਲੇਆਮ ਕਰਾਰ ਦੇਣ ਦੀ ਮੰਗ 'ਤੇ ਘਿਰੇ ਜਗਮੀਤ ਸਿੰਘ

Jagmeet Singh

ਟੋਰਾਂਟੋ : ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਨੇਤਾ ਜਗਮੀਤ ਸਿੰਘ ਇਕ ਵਾਰ ਫਿਰ ਸੁਰਖ਼ੀਆਂ 'ਚ ਆ ਗਏ ਹਨ। ਅਸਲ ਵਿਚ ਜਗਮੀਤ ਸਿੰਘ ਨੇ ਕੈਨੇਡਾ ਦੀ ਸੰਸਦ ਤੋਂ ਮੰਗ ਕੀਤੀ ਕਿ 1984 ਦੇ ਸਿੱਖ ਦੰਗਿਆਂ ਨੂੰ ਕਤਲੇਆਮ ਕਰਾਰ ਦਿੱਤਾ ਜਾਵੇ। ਜਗਮੀਤ ਦੀ ਇਸ ਮੰਗ ਤੋਂ ਬਾਅਦ ਵਿਰੋਧੀ ਧਿਰ ਨੇ ਉਨ੍ਹਾਂ 'ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿਤੇ ਹਨ। ਇਸ ਮੰਗ ਨੂੰ ਲੈ ਕੇ ਵਿਰੋਧੀ ਧਿਰ ਹੀ ਨਹੀਂ ਸਗੋਂ ਭਾਰਤੀ-ਕੈਨੇਡੀਅਨ ਲੋਕਾਂ ਨੇ ਵੀ ਉਨ੍ਹਾਂ ਦੀ ਆਲੋਚਨਾ ਕੀਤੀ ਹੈ। 


ਜਗਮੀਤ ਸਿੰਘ ਨੇ ਅਪਣੀ ਮੰਗ ਉਠਾਉਂਦਿਆਂ ਆਖਿਆ ਸੀ ਮੇਰੇ ਖਿ਼ਆਲ ਵਿਚ ਅਜਿਹਾ ਕਰਨਾ ਸਹੀ ਹੋਵੇਗਾ। ਉਨ੍ਹਾਂ ਆਖਿਆ ਸੀ ਕਿ ਇਹ ਨਾ ਸਿਰਫ਼ ਰਾਸ਼ਟਰੀ ਸਗੋਂ ਕਿ ਕੌਮਾਂਤਰੀ ਪੱਧਰ 'ਤੇ ਵੀ ਉਚਿਤ ਹੋਵੇਗਾ। ਉਨ੍ਹਾਂ ਆਖਿਆ ਕਿ 1984 ਦੇ ਦੰਗੇ ਸੋਚੀ-ਸਮਝੀ ਸਾਜਿਸ਼ ਅਤੇ ਰਣਨੀਤੀ ਤਹਿਤ ਕਰਵਾਏ ਗਏ ਸਨ। ਜਗਮੀਤ ਦੀ ਇਸ ਮੰਗ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਕੈਨੇਡਾ ਦੇ ਲੋਕ ਜਗਮੀਤ ਦੀ ਨਫ਼ਰਤ ਅਤੇ ਕੱਟੜਤਾ ਦੀ ਰਾਜਨੀਤੀ ਨੂੰ ਮਨਜ਼ੂਰ ਨਹੀਂ ਕਰਦੇ।

ਓਧਰ ਐੱਨਆਈਸੀ ਪ੍ਰਧਾਨ ਆਜ਼ਾਦ ਕੌਸ਼ਿਕ ਦਾ ਕਹਿਣਾ ਹੈ ਕਿ ਭਾਰਤ ਵਾਂਗ ਕੈਨੇਡਾ 'ਚ ਵੀ ਹਿੰਦੂ-ਸਿੱਖ ਭਾਈਚਾਰੇ ਪਰਿਵਾਰਕ ਸੰਬੰਧਾਂ 'ਚ ਬੱਝੇ ਹੋਏ ਹਨ। ਅਸੀਂ ਭਾਰਤ-ਕੈਨੇਡੀਅਨ ਭਾਈਚਾਰੇ ਵਿਚ ਸਦਭਾਵਨਾ ਦਾ ਸਮਰਥਨ ਕਰਦੇ ਹਾਂ। 

ਦਸ ਦਈਏ ਕਿ ਜਗਮੀਤ ਸਿੰਘ ਨੇ ਕਿਹਾ ਸੀ ਕਿ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਭਾਰਤ 'ਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਸਿੱਖ ਵਿਰੋਧੀ ਦੰਗੇ ਸੋਚੀ-ਸਮਝੀ ਸਾਜਿਸ਼ ਤਹਿਤ ਕਰਵਾਏ ਗਏ ਸਨ।

ਜਗਮੀਤ ਨੇ ਇਸ ਲਈ ਸਾਲ 2016 'ਚ ਓਂਟਾਰੀਓ ਵਿਧਾਨ ਸਭਾ ਦੇ ਮੈਂਬਰ ਰਹਿੰਦੇ ਹੋਏ 1984 ਦੇ ਦੰਗਿਆਂ ਨੂੰ ਸਿੱਖ ਕਤਲੇਆਮ ਐਲਾਨਣ ਲਈ ਵਿਧਾਨ ਸਭਾ 'ਚ ਮਤਾ ਪੇਸ਼ ਕੀਤਾ ਸੀ ਪਰ ਉਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਸੀ।