ਟਰੰਪ ਨੇ ਅਫ਼ਗ਼ਾਨਿਸਤਾਨ ਤੋਂ ਜਲਦਬਾਜ਼ੀ 'ਚ ਵਾਪਸੀ ਤੋਂ ਇਨਕਾਰ ਕੀਤਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਸੱਭ ਤੋਂ ਲੰਮੇ ਯੁੱਧ ਨੂੰ ਸਮਾਪਤ ਕਰਨ ਲਈ ਅਫ਼ਗ਼ਾਨਿਸਤਾਨ ਤੋਂ ਫ਼ੌਜ ਦੀ ਜਲਦਬਾਜ਼ੀ 'ਚ ਵਾਪਸੀ ਤੋਂ ਇਨਕਾਰ ਕੀਤਾ ਅਤੇ..
ਵਾਸ਼ਿੰਗਟਨ, 22 ਅਗੱਸਤ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਸੱਭ ਤੋਂ ਲੰਮੇ ਯੁੱਧ ਨੂੰ ਸਮਾਪਤ ਕਰਨ ਲਈ ਅਫ਼ਗ਼ਾਨਿਸਤਾਨ ਤੋਂ ਫ਼ੌਜ ਦੀ ਜਲਦਬਾਜ਼ੀ 'ਚ ਵਾਪਸੀ ਤੋਂ ਇਨਕਾਰ ਕੀਤਾ ਅਤੇ ਪਾਕਿਸਤਾਨ ਨੂੰ ਚਿਤਾਵਨੀ ਦਿਤੀ ਕਿ ਜੇ ਉਹ ਅਤਿਵਾਦੀ ਸੰਗਠਨਾਂ ਨੂੰ ਪਨਾਹ ਦੇਣਾ ਜਾਰੀ ਰਖਦਾ ਹੈ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਟਰੰਪ ਨੇ ਜੰਗ ਪ੍ਰਭਾਵਤ ਦੇਸ਼ ਅਫ਼ਗ਼ਾਨਿਸਤਾਨ 'ਚ ਸ਼ਾਂਤੀ ਸਥਾਪਤ ਕਰਨ ਲਈ ਭਾਰਤ ਨੂੰ ਹੋਰ ਯੋਗਦਾਨ ਦੇਣ ਦੀ ਅਪੀਲ ਕੀਤੀ ਅਤੇ ਨਾਲ ਹੀ ਉਸ ਦੇ ਹੁਣ ਤਕ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਹੈ।
ਟਰੰਪ ਨੇ ਕਮਾਂਡਰ ਇਨ ਚੀਫ਼ ਵਜੋਂ ਦੇਸ਼ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਪੂਰੀ ਦੁਨੀਆਂ 'ਚ ਸ਼ਰਮਸਾਰ ਕਰ ਦਿਤਾ ਹੈ ਅਤੇ ਨਾਲ ਹੀ ਅਤਿਵਾਦ ਨਾ ਰੋਕਣ 'ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿਤੀ ਹੈ। ਟਰੰਪ ਨੇ ਕਿਹਾ ਕਿ ਹੁਣ ਅਸੀਂ ਪਾਕਿਸਤਾਨ 'ਚ ਅਤਿਵਾਦੀ ਸੰਗਠਨਾਂ ਦੇ ਸੁਰੱਖਿਅਤ ਟਿਕਾਣਿਆਂ 'ਤੇ ਚੁੱਪ ਨਹੀਂ ਬੈਠ ਸਕਦੇ। ਪਾਕਿਸਤਾਨ ਇਕ ਪਾਸੇ ਖ਼ੁਦ ਅਤਿਵਾਦ ਨਾਲ ਪੀੜਤ ਹੈ ਅਤੇ ਦੂਜੇ ਪਾਸੇ ਅਤਿਵਾਦੀਆਂ ਲਈ ਸੁਰੱਖਿਅਤ ਸਵਰਗ ਬਣਿਆ ਹੋਇਆ ਹੈ। ਉਨ੍ਹਾਂ ਸਾਫ਼ ਸ਼ਬਦਾਂ 'ਚ ਕਿਹਾ ਕਿ ਪਾਕਿਸਤਾਨ ਅਤਿਵਾਦ ਵਿਰੁਧ ਲੜਨ ਦੀ ਅਪਣੀ ਵਚਨਬੱਧਤਾ ਨੂੰ ਅਮਲੀਜਾਮਾ ਪਾ ਕੇ ਵਿਖਾਵੇ, ਨਹੀਂ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ।
ਟਰੰਪ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਨਾਲ ਵਪਾਰ 'ਚ ਅਰਬਾਂ ਡਾਲਰ ਕਮਾਏ ਹਨ। ਹੁਣ ਅਸੀਂ ਚਾਹੁੰਦੇ ਹਾਂ ਕਿ ਅਫ਼ਗ਼ਾਨਿਸਤਾਨ 'ਚ ਭਾਰਤ ਸਾਡੀ ਹੋਰ ਵੱਧ ਮਦਦ ਕਰੇ, ਖਾਸ ਕਰ ਕੇ ਆਰਥਕ ਅਤੇ ਵਿਕਾਸ ਦੇ ਖੇਤਰ 'ਚ। ਉਨ੍ਹਾਂ ਕਿਹਾ ਕਿ ਅਸੀਂ ਇਰਾਕ 'ਚ ਅਪਣੇ ਸਾਬਕਾ ਨੇਤਾਵਾਂ ਵਲੋਂ ਕੀਤੀਆਂ ਗਈਆਂ ਗ਼ਲਤੀਆਂ ਨੂੰ ਅਫ਼ਗ਼ਾਨਿਸਤਾਨ 'ਚ ਨਹੀਂ ਦੁਹਰਾਉਣ ਵਾਲੇ।
ਅਤਿਵਾਦੀ ਸਿਰਫ਼ ਠੱਗ, ਅਪਰਾਧੀ ਅਤੇ ਦਰਿੰਦੇ ਹਨ। ਜਲਦਬਾਜ਼ੀ 'ਚ ਨਿਕਲ ਜਾਣ 'ਤੇ ਇਕ ਖਾਲੀ ਜਗ੍ਹਾ ਬਣੇਗੀ, ਜਿਸ ਨਾਲ ਆਈ.ਐਸ.ਆਈ.ਐਸ. ਅਤੇ ਅਲਕਾਇਦਾ ਵਰਗੇ ਸੰਗਠਨਾਂ ਨੂੰ ਸ਼ਹਿ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਅਤਿਵਾਦ 'ਤੇ ਜਿੱਤ ਹਾਸਲ ਕਰ ਕੇ ਰਹਾਂਗੇ। (ਪੀਟੀਆਈ)