ਵੱਡਾ ਖੁਲਾਸਾ! ਜੇਲ੍ਹ ਵਿਚ ਕੈਦ ਹੈ ਸਾਊਦੀ ਅਰਬ ਦੀ ਰਾਜਕੁਮਾਰੀ, ਹੋ ਸਕਦੀ ਹੈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਊਦੀ ਅਰਬ ਦੀ ਰਾਜਕੁਮਾਰੀ ਕਾਫੀ ਸਮੇਂ ਤੋਂ ਜੇਲ੍ਹ ਵਿਚ ਕੈਦ ਹੈ, ਇਸ ਬਾਰੇ ਉਹਨਾਂ ਨੇ ਖੁਦ ਹੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਰਾਜਕੁਮਾਰੀ ਦਾ ਨਾਂਅ ਬਸਮਾ

File Photo

ਸਾਊਦੀ ਅਰਬ - ਸਾਊਦੀ ਅਰਬ ਦੀ ਰਾਜਕੁਮਾਰੀ ਕਾਫੀ ਸਮੇਂ ਤੋਂ ਜੇਲ੍ਹ ਵਿਚ ਕੈਦ ਹੈ, ਇਸ ਬਾਰੇ ਉਹਨਾਂ ਨੇ ਖੁਦ ਹੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਰਾਜਕੁਮਾਰੀ ਦਾ ਨਾਂਅ ਬਸਮਾ ਬਿੰਤੇ ਸਊਦ ਹੈ। ਉਹਨਾਂ ਨੇ ਕਿੰਗ ਸਲਮਾਨ ਬਿਨ ਅਬਦੁਲ ਅਜੀਜ਼ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਕੋਲ ਅਪਣੀ ਰਿਹਾਈ ਦੀ ਗੁਜ਼ਾਰਿਸ਼ ਕੀਤੀ ਹੈ।

ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਿਹਤ ਖ਼ਰਾਬ ਹੋ ਗਈ ਹੈ, ਜਿਸ ਕਾਰਨ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ, ਜੇਲ੍ਹ ਵਿਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤ ਨਹੀਂ ਮਿਲ ਰਹੀ ਹੈ। ਹਾਲਾਂਕਿ ਬਾਅਦ ਵਿਚ ਇਹ ਟਵੀਟ ਡਿਲੀਟ ਕਰ ਦਿੱਤੇ ਗਏ। ਕਿੰਗ ਸਲਮਾਨ ਰਿਸ਼ਤੇ ਵਿਚ ਰਾਜਕੁਮਾਰੀ ਬਸਮਾ ਦੇ ਅੰਕਲ ਅਤੇ ਕ੍ਰਾਊਨ ਪ੍ਰਿੰਸ ਭਰਾ ਲੱਗਦੇ ਹਨ। ਉਹ ਸਾਊਦੀ ਦੇਸ਼ ਦੇ ਸੰਸਥਾਪਕ ਦੀ ਪੋਤੀ ਹੈ।

56 ਸਾਲ ਦੀ ਰਾਜਕੁਮਾਰੀ ਬਸਮਾ ਸ਼ਾਹ ਸਊਦ ਦੀ ਸਭ ਤੋਂ ਛੋਟੀ ਬੇਟੀ ਹੈ ਜੋ 1953 ਤੋਂ 1964 ਤੱਕ ਸਾਊਦੀ ਅਰਬ ਦੇ ਸ਼ਾਸਕ ਰਹੇ ਸੀ। ਸਾਊਦੀ ਅਰਬ ਵਿਚ ਘੱਟ ਹੀ ਔਰਤਾਂ ਅਜਿਹੀਆਂ ਹਨ ਜੋ ਅਪਣੀ ਗੱਲ ਖੁੱਲ੍ਹ ਕੇ ਰੱਖ ਸਕਣ। ਰਾਜਕੁਮਾਰੀ ਬਸਮਾ ਉਹਨਾਂ ਵਿਚੋਂ ਇਕ ਹੈ। ਉਹ ਸਾਊਦੀ ਵਿਚ ਬਦਲਾਅ ਲਿਆਉਣ ਦੀ ਤਰਫਦਾਰੀ ਕਰਦੀ ਸੀ। ਉਹਨਾਂ ਦੇ ਲੇਖ ਅਖ਼ਬਾਰਾਂ ਵਿਚ ਆਉਂਦੇ ਸੀ। ਉਹ ਔਰਤਾਂ ਦੇ ਅਧਿਕਾਰਾਂ ਬਾਰੇ ਗੱਲ ਕਰਦੀ ਸੀ। ਬਸਮਾ ਪੇਸ਼ੇ ਵਜੋਂ ਇਕ ਮਨੁੱਖੀ ਅਧਿਕਾਰਾਂ ਦੀ ਵਕੀਲ ਹੈ ਅਤੇ ਹਾਊਸ ਆਫ ਸਊਦ ਦੀ ਮੈਂਬਰ ਹੈ।

ਰਾਜਕੁਮਾਰੀ 2019 ਦੇ ਸ਼ੁਰੂਆਤੀ ਮਹੀਨਿਆਂ ਤੋਂ ਹੀ ਲਾਪਤਾ ਸੀ। ਖ਼ਬਰਾਂ ਮੁਤਾਬਕ ਫਰਵਰੀ 2019 ਵਿਚ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਰਾਜਕੁਮਾਰੀ ਨੇ ਦੱਸਿਆ ਕਿ ਬਿਨਾਂ ਕਿਸੇ ਕਾਰਨ ਉਹਨਾਂ ਨੂੰ ਤੇ ਉਹਨਾਂ ਦੀ ਬੇਟੀ ਨੂੰ ਕੈਦ ਕੀਤਾ ਗਿਆ ਹੈ। ਮੀਡੀਆ ਰਿਪੋਰਟ ਅਨੁਸਾਰ ਉਹਨਾਂ ਦੀ ਅਪੀਲ ਤੋਂ ਬਾਅਦ ਅਧਿਕਾਰੀਆਂ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।