ਟਰੰਪ ਦੀ ਡਲਬਯੂ.ਐਚ.ਓ. ਨੂੰ ਧਮਕੀ 30 ਦਿਨ ਦੇ ਅੰਦਰ ਨਾ ਕੀਤਾ ਠੋਸ ਸੁਧਾਰ ਤਾਂ ਰੋਕਾਂਗੇ ਫ਼ੰਡਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਕਾਰਨ ਅਮਰੀਕਾ ਲਗਾਤਾਰ ਵਿਸ਼ਵ ਸਿਹਤ ਸੰਗਠਨ ਉਤੇ ਨਿਸ਼ਾਨਾ ਵਿੰਨ੍ਹ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ

File Photo

ਵਾਸ਼ਿੰਗਟਨ, 19 ਮÎਈ: ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਕਾਰਨ ਅਮਰੀਕਾ ਲਗਾਤਾਰ ਵਿਸ਼ਵ ਸਿਹਤ ਸੰਗਠਨ ਉਤੇ ਨਿਸ਼ਾਨਾ ਵਿੰਨ੍ਹ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਸ਼ਵ ਸਿਹਤ ਸੰਗਠਨ ਦੀ ਸਮਰੱਥਾ ਅਤੇ ਭਰੋਸੇਯੋਗਤਾ ੳ‘ਤੇ ਲਗਾਤਾਰ ਸਵਾਲ ਖੜ੍ਹੇ ਕਰ ਰਹੇ ਹਨ। ਕੁੱਝ ਦਿਨ ਪਹਿਲਾਂ ਹੀ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨੂੰ ਅਮਰੀਕਾ ਵਲੋਂ ਦਿਤੀ ਜਾਣ ਵਾਲੀ ਫ਼ੰਡਿੰਗ ਨੂੰ ਰੋਕਣ ਦੀ ਗੱਲ ਕਹੀ ਸੀ ਪਰ ਹੁਣ ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਗੇਬ੍ਰੀਸਸ ਨੂੰ ਇਕ ਚਿੱਠੀ ਲਿਖ ਕੇ ਸਾਫ਼ ਤੌਰ ਉਤੇ ਚਿਤਾਵਨੀ ਦਿਤੀ ਹੈ ਕਿ ਜੇਕਰ ਵਿਸ਼ਵ ਸਿਹਤ ਸੰਗਠਨ 30 ਦਿਨਾਂ ਦੇ ਅੰਦਰ ਕੋਈ ਠੋਸ ਸੁਧਾਰ ਨਹੀਂ ਕਰਦਾ ਹੈ ਤਾਂ ਉਹ ਅਮਰੀਕਾ ਵਲੋਂ ਉਨ੍ਹਾਂ ਨੂੰ ਦਿਤੀ ਜਾਣ ਵਾਲੀ ਫ਼ੰਡਿੰਗ ਨੂੰ ਹਮੇਸ਼ਾ ਦੇ ਲਈ ਰੋਕ ਦੇਣਗੇ।

ਫਿਲਹਾਲ ਅਮਰੀਕਾ ਨੇ ਫ਼ੰਡਿੰਗ ਨੂੰ ਅਸਥਾਈ ਰੂਪ ਨਾਲ ਫ੍ਰੀਜ਼ ਕੀਤਾ ਹੋਇਆ ਹੈ। ਟਰੰਪ ਨੇ ਕਿਹਾ ਕਿ ਜੇਕਰ 30 ਦਿਨਾਂ ਦੇ ਅੰਦਰ ਕੁਝ ਠੋਸ ਸੁਧਾਰ ਨਹੀਂ ਹੋਇਆ ਤਾਂ ਉਹ ਵਿਸ਼ਵ ਸਿਹਤ ਸੰਗਠਨ ਦੀ ਮੈਂਬਰਸ਼ਿਪ ’ਤੇ ਵੀ ਮੁੜ ਵਿਚਾਰ ਕਰ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਨੂੰ ਲਿਖੀ ਇਸ ਚਿੱਠੀ ਨੂੰ ਡੋਨਾਲਡ ਟਰੰਪ ਨੇ ਅਪਣੇ ਟਵਿੱਟਰ ਹੈਂਡਲ ਉਤੇ ਸ਼ੇਅਰ ਕੀਤਾ ਹੈ। ਪਿਛਲੇ ਮਹੀਨੇ ਟਰੰਪ ਨੇ ਕੋਵਿਡ-19 ਦੀ ਰੋਕਥਾਮ ਨੂੰ ਲੈਕੇ ਵਿਸ਼ਵ ਸਿਹਤ ਸੰਗਠਨ ਵਲੋਂ ਕੀਤੇ ਕੰਮ ਦੀ ਸਮੀਖਿਆ ਕਰਨ ਦੀ ਗੱਲ ਕਹੀ ਸੀ ਅਤੇ ਫ਼ੰਡਿੰਗ ਰੋਕ ਦਿਤੀ ਸੀ।

ਟਰੰਪ ਦੀ ਇਸ ਕਾਰਵਾਈ ਦੇ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਅਸੀ ਹਾਲੇ ਵੀ ਇਸ ਮਹਾਂਮਾਰੀ ਦੇ ਗੰਭੀਰ ਸੰਕਟ ਨਾਲ ਲੜ ਰਹੇ ਹਾਂ। ਲਿਹਾਜਾ ਫੰਡਿੰਗ ਰੋਕਣ ਦਾ ਇਹ ਸਹੀ ਸਮਾਂ ਨਹੀਂ। ਭਾਵੇਂਕਿ ਹਾਲੇ ਇਹ ਸਾਫ਼ ਨਹੀਂ ਹੈ ਕੀ ਟਰੰਪ ਵਿਸ਼ਵ ਸਿਹਤ ਸੰਗਠਨ ਦੀ ਫੰਡਿੰਗ ਰੋਕਣ ਲਈ ਕਾਂਗਰਸ ਦੀ ਸਹਿਮਤੀ ਹਾਸਲ ਕਰ ਸਕੇ ਹਨ ਜਾਂ ਨਹੀਂ। ਇੱਥੇ ਦੱਸ ਦਈਏ ਕਿ ਕਾਂਗਰਸ ਦੀ ਸਹਿਮਤੀ ਦੇ ਬਿਨਾਂ ਟਰੰਪ ਅਜਿਹਾ ਨਹੀਂ ਕਰ ਸਕਦੇ। ਗੌਰਤਲਬ ਹੈ ਕਿ ਅਮਰੀਕਾ ਵਿਚ ਬੀਤੇ 24 ਘੰਟਿਆਂ ਦੌਰਾਨ 759 ਲੋਕਾਂ ਦੀ ਮੌਤ ਹੋਈ ਹੈ। ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 91 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ। ਇਸ ਦੇ ਇਲਾਵਾ ਪੀੜਤਾਂ ਦੀ ਗਿਣਤੀ 1,550,294 ਹੈ। (ਏਜੰਸੀ)