British Sikh MP: ਬ੍ਰਿਟਿਸ਼ ਸਿੱਖ ਸੰਸਦ ਮੈਂਬਰ ’ਤੇ ਇਕ ਸਾਲ ਦੀ ਪਾਬੰਦੀ ਲੱਗਣ ਦਾ ਖ਼ਦਸ਼ਾ
ਉਨ੍ਹਾਂ ’ਤੇ ਹੁਣ ਦੋਸ਼ ਲੱਗਾ ਹੈ ਕਿ ਉਨ੍ਹਾਂ ਸੰਸਦੀ ਬਾਰ ਅੰਦਰ ਕਥਿਤ ਤੌਰ ’ਤੇ ‘ਸ਼ਰਾਬ ਪੀ ਕੇ ਦੋ ਔਰਤਾਂ ਨਾਲ ਝਗੜਾ ਕੀਤਾ ਸੀ ਤੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਸੀ
British Sikh MP: ਚੰਡੀਗੜ੍ਹ: ਕੁਲਵੀਰ ਰੇਂਜਰ ਇੰਗਲੈਂਡ ਦੀ ਸੰਸਦ ਦੇ ਉਪਰਲੇ ਸਦਨ ‘ਹਾਊਸ ਆਫ਼ ਲਾਰਡਜ਼’ ਦੇ ਮੈਂਬਰ ਹਨ ਪਰ ਇਸ ਵੇਲੇ ਉਨ੍ਹਾਂ ’ਤੇ ਕੁਝ ਸੰਕਟ ਛਾਇਆ ਹੋਇਆ ਹੈ। ਉਨ੍ਹਾਂ ’ਤੇ ਹੁਣ ਦੋਸ਼ ਲੱਗਾ ਹੈ ਕਿ ਉਨ੍ਹਾਂ ਸੰਸਦੀ ਬਾਰ ਅੰਦਰ ਕਥਿਤ ਤੌਰ ’ਤੇ ‘ਸ਼ਰਾਬ ਪੀ ਕੇ ਦੋ ਔਰਤਾਂ ਨਾਲ ਝਗੜਾ ਕੀਤਾ ਸੀ ਤੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਸੀ।’ ਇਸੇ ਦੋਸ਼ ਕਾਰਣ ਉਨ੍ਹਾਂ ਨੂੰ ਸਦਨ ਦੇ ਸਾਰੇ ਬਾਰਜ਼ ’ਚ ਜਾਣ ’ਤੇ ਇਕ ਸਾਲ ਤਕ ਦੀ ਰੋਕ ਲਗ ਸਕਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ’ਤੇ ਹਾਊਸ ਆਫ਼ ਲਾਰਡਜ਼ ’ਚ ਜਾਣ ’ਤੇ ਵੀ ਤਿੰਨ ਹਫ਼ਤਿਆਂ ਤਕ ਦੀ ਪਾਬੰਦੀ ਲਗ ਸਕਦੀ ਹੈ। ਸੰਸਦੀ ਕਮੇਟੀ ਨੇ ਇਸ ਮਾਮਲੇ ’ਤੇ ਵਿਚਾਰ ਲਈ ਹਾਊਸ ਆਫ਼ ਕਾਮਨਜ਼ ਦੀ ਮੀਟਿੰਗ ਵੀ ਸੱਦ ਲਈ ਹੈ। ਹਾਊਸ ਆਫ਼ ਲਾਰਡਜ਼ ਬਿਲਕੁਲ ਉਵੇਂ ਹੁੰਦਾ ਹੈ, ਜਿਵੇਂ ਭਾਰਤੀ ਸੰਸਦ ’ਚ ਰਾਜ ਸਭਾ।
ਨੌਰਥਵੁਡ ਦੇ 49 ਸਾਲਾ ਲਾਰਡ ਰੇਂਜਰ ਦਾ ਜਨਮ ਲੰਦਨ ’ਚ ਹੀ ਹੋਇਆ ਹੈ। ਉਹ ਪਿਛਲੇ ਵਰ੍ਹੇ 2023 ’ਚ ਹੀ ਯੂਕੇ ਦੀ ਸੰਸਦ ਦੇ ਉਪਰਲੇ ਸਦਨ ‘ਹਾਊਸ ਆਫ਼ ਲਾਰਡਜ਼’ ਦੇ ਮੈਂਬਰ ਬਣੇ ਸਨ।
ਹਾਊਸ ਆਫ਼ ਲਾਰਡਜ਼ ਦੀ ਆਚਾਰ-ਵਿਵਹਾਰ ਸਮਿਤੀ (ਕੰਡਕਟ ਕਮੇਟੀ) ਨੇ ਸਿਫ਼ਾਰਸ਼ ਕਰ ਦਿਤੀ ਹੈ ਕਿ ਲਾਰਡ ਰੇਂਜਰ ਨੂੰ ਸਦਨ ’ਚੋਂ ਤਿੰਨ ਹਫ਼ਤਿਆਂ ਲਈ ਮੁਅਤਲ ਕਰ ਦਿਤਾ ਜਾਵੇ ਅਤੇ ਸਦਨ ਦੇ ਕਿਸੇ ਵੀ ਬਾਰ ’ਚ ਉਨ੍ਹਾਂ ਨੂੰ 12 ਮਹੀਨਿਆਂ ਤਕ ਦਾਖ਼ਲ ਨਾ ਹੋਣ ਦਿਤਾ ਜਾਵੇ। ਇਸੇ ਵਰ੍ਹੇ 17 ਜਨਵਰੀ ਨੂੰ ਲਾਰਡ ਰੇਂਜਰ ਸਦਨ ਦੇ ਇਕ ਬਾਰ ’ਚ ਗਏ ਸਨ ਤੇ ਉਥੇ ਉਹ ਕਿਸੇ ਨੂੰ ਵੀ ਨਹੀਂ ਜਾਣਦੇ ਸਨ
ਪਰ ਫਿਰ ਵੀ ਉਨ੍ਹਾਂ ਨੇ ਕਈ ਜਣਿਆਂ ਨਾਲ ਜ਼ਬਰਦਸਤੀ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਤਦ ਉਨ੍ਹਾਂ ਸਪੱਸ਼ਟ ਤੌਰ ’ਤੇ ਸ਼ਰਾਬ ਪੀਤੀ ਹੋਈ ਸੀ ਤੇ ਉਨ੍ਹਾਂ ਦੀ ਚਾਲ ਲੜਖੜਾ ਰਹੀ ਸੀ। ਉਨ੍ਹਾਂ ਉਥੇ ਮੌਜੂਦ ਇਸਤ੍ਰੀ ਮੈਂਬਰਾਂ ਤੋਂ ਪੁਛਿਆ ਸੀ ਕਿ ਉਨ੍ਹਾਂ ਦੀ ਉਮਰ ਕਿੰਨੀ ਹੈ ਅਤੇ ਕੀ ਉਨ੍ਹਾਂ ਨੇ ਕਿਸੇ ਅਸ਼ਲੀਲ ਵੀਡੀਉ ਬਾਰੇ ਕੋਈ ਗਲਬਾਤ ਕੀਤੀ ਹੈ। ਉਹ ਇਕ ਵਾਰ ਜਾ ਕੇ ਉਥੇ ਫਿਰ ਪਰਤੇ ਸਨ। ਤਦ ਉਨ੍ਹਾਂ ਨੇ ਦੋ ਔਰਤਾਂ ਨੂੰ ਕੁਝ ਹੋਰ ਖੋਜ ਕਰ ਕੇ ਸੁਆਲ ਪੁਛਣ ਲਈ ਕਿਹਾ ਸੀ। ਉਨ੍ਹਾਂ ’ਚੋਂ ਹੀ ਇਕ ਔਰਤ ਨੇ ਦੋਸ਼ ਲਾਇਆ ਹੈ ਕਿ ਲਾਰਡ ਰੇਂਜਰ ਵਾਰ-ਵਾਰ ਉਨ੍ਹਾਂ ਵਲ ਉਂਗਲ ਕਰ ਕੇ ਗੱਲ ਕਰੀ ਜਾ ਰਹੇ ਸਨ।