ਕੋਰੋਨਾ ਵਾਇਰਸ ਨਾਲ ਗਲੋਬਲ ਪੱਧਰ ’ਤੇ 6 ਲੱਖ ਤੋਂ ਵੱਧ ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਸ਼ਵ ਸਿਹਤ ਸੰਗਠਨ ਨੇ ਇਕ ਦਿਨ ’ਚ ਸਭ ਤੋਂ ਵੱਧ 2,59,848 ਨਵੇਂ ਮਾਮਲੇ ਦਰਜ ਕੀਤੇ

Corona Virus

ਵਾਸ਼ਿੰਗਟਨ, 19 ਜੁਲਾਈ : ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਕਾਰਨ ਦੁਨੀਆਂ ਭਰ ’ਚ 6 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਸਥਿਤ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਸਨਿਚਰਵਾਰ ਰਾਤ ਤਕ ਦੇ ਅੰਕੜਿਆਂ ਮੁਤਾਬਕ ਮਿਤ੍ਰਕ ਗਿਣਤੀ ਦੇ ਮਾਮਲੇ ’ਚ ਅਮਰੀਕਾ ਚੋਟੀ ’ਤੇ ਹੈ। ਅਮਰੀਕਾ ’ਚ ਇਸ ਲਾਗ ਨਾਲ 1,40,103 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਇਸ ਦੇ ਬਾਅਦ ਲਾਗ ਨਾਲ ਬ੍ਰਾਜ਼ੀਲ ’ਚ 78,772 ਅਤੇ ਬ੍ਰਿਟੇਨ ’ਚ 45,358 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਦੁਨੀਆਂ ਭਰ ’ਚ ਇਕ ਕਰੋੜ 42 ਲੱਖ ਲੋਕ ਇਸ ਜਾਨਲੇਵਾ ਵਾਇਰਸ ਨਾਲ ਪੀੜਤ ਹਨ, ਜਿਨ੍ਹਾਂ ਵਿਚੋਂ 37 ਲੱਖ ਲੋਕ ਅਮਰੀਕਾ ਵਿਚ ਹਨ। ਬ੍ਰਾਜ਼ੀਲ ’ਚ 20 ਲੱਖ ਅਤੇ ਭਾਰਤ ’ਚ 10 ਲੱਖ ਲੋਕ ਪੀੜਤ ਹਨ। ਵਿਸ਼ਵ ਸਿਹਤ ਸੰਗਠਨ ਨੇ ਮੁੜ ਲਾਗ ਦੇ ਇਕ ਦਿਨ ’ਚ ਸਭ ਤੋਂ ਵੱਧ 2,59,848 ਨਵੇਂ ਮਾਮਲੇ ਦਰਜ ਕੀਤੇ।     (ਪੀਟੀਆਈ)

ਬ੍ਰਿਟਿਸ਼ ਵਿਗਿਆਨੀਆਂ ਨੂੰ ਕੋਰੋਨਾ ਦੀ ਨਵੀਂ ਲਹਿਰ ਦਾ ਡਰ
ਲੰਡਨ, 19 ਜੁਲਾਈ : ਬ੍ਰਿਟੇਨ ਦੇ ਵਿਗਿਆਨੀਆਂ ਨੇ ਆਗਾਮੀ ਸਰਦੀਆਂ ਦੇ ਮੌਸਮ ਵਿਚ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਆਉਣ ਦਾ ਖ਼ਦਸ਼ਾ ਜਤਾਇਆ ਹੈ। ਬ੍ਰਿਟਿਸ਼ ਮੀਡੀਆ ਨੇ ਦੇਸ਼ ਦੇ ਵਿਗਿਆਨੀਆਂ ਦੇ ਹਵਾਲੇ ਤੋਂ ਅਪਣੀ ਰੀਪੋਟਰ ਵਿਚ ਕਿਹਾ ਹੈ ਕਿ ਕੋਵਿਡ-19 ਦਾ ਦੂਜਾ ਦੌਰ ਮੌਜੂਦਾ ਮਹਾਮਾਰੀ ਦੇ ਮੁਕਾਬਲੇ ਵਿਚ ਜ਼ਿਆਦਾ ਗੰਭੀਰ ਹੋਵੇਗਾ ਅਤੇ ਜੇਕਰ ਅਧਿਕਾਰੀ ਮਹਾਂਮਾਰੀ ਤੋਂ ਬਚਾਅ ਦੀ ਤੁਰੰਤ ਕਾਰਵਾਈ ਕਰਨ ਵਿਚ ਅਸਫ਼ਲ ਹੁੰਦੇ ਹਨ

ਤਾਂ ਕਰੀਬ 1,20,000 ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ। ਬ੍ਰਿਟਿਸ਼ ਸਰਕਾਰ ਨੇ ਦੇਸ਼ ਵਿਚ 24 ਜੁਲਾਈ ਤੋਂ ਖੁੱਲਣ ਵਾਲੀ ਦੁਕਾਨਾਂ ’ਤੇ ਮਾਸਕ ਪਾਉਣ ਨੂੰ ਲਾਜ਼ਮੀ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ 15 ਜੂਨ ਨੂੰ ਦੇਸ਼ ਵਿਚ ਜਨਤਕ ਆਵਾਜਾਈ ਵਿਚ ਮਾਸਕ ਪਹਿਨਣਾ ਲਾਜ਼ਮੀ ਕਰ ਦਿਤਾ ਸੀ। ਤਾਜ਼ਾ ਅੰਕੜਿਆਂ ਮੁਤਾਬਕ ਬ੍ਰਿਟੇਨ ਵਿਚ ਕੋਰੋਨਾ ਦੇ 2,95,632 ਮਾਮਲੇ ਸਾਹਮਣੇ ਆਏ ਹਨ, ਜਦੋਂਕਿ 45,358 ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ।

ਕੋਰੋਨਾ ਵਾਇਰਸ ਦੇ ਮਾਮਲੇ ’ਚ 5ਵੇਂ ਸਥਾਨ ’ਤੇ ਪੁੱਜਾ ਦਖਣੀ ਅਫ਼ਰੀਕਾ
ਜੋਹਾਨਸਬਰਗ, 19 ਜੁਲਾਈ : ਦਖਣੀ ਅਫ਼ਰੀਕਾ ਕੋਰੋਨਾ ਵਾਇਰਸ ਦੇ ਮਾਮਲੇ ਵਿਚ ਦੁਨੀਆਂ ਦਾ 5ਵਾਂ ਦੇਸ਼ ਬਣ ਗਿਆ ਹੈ। ਇਥੇ ਕੋਰੋਨਾ ਮਾਮਲੇ 3,50,879 ’ਤੇ ਪਹੁੰਚ ਗਏ ਹਨ। ਦੇਸ਼ ਵਿਚ ਸਨਿਚਰਵਾਰ ਨੂੰ ਕੋਰੋਨਾ ਦੇ 13,285 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਾਮਲੇ ਵੱਧ ਕੇ 3,50,879 ਹੋ ਗਏ ਹਨ। ਗਿਣਤੀ ਦੇ ਮਾਮਲੇ ਵਿਚ ਦਖਣੀ ਅਫ਼ਰੀਕਾ ਨੇ ਪੇਰੂ ਨੂੰ ਪਿੱਛੇ ਛੱਡ ਦਿਤਾ ਹੈ। ਕੋਰੋਨਾ ਦੇ ਪੁਸ਼ਟੀ ਕੀਤੇ ਹੋਏ ਮਾਮਲਿਆਂ ਵਿਚ ਹੁਣ ਵੀ ਅਮਰੀਕਾ ਸਭ ਤੋਂ ਅੱਗੇ ਹੈ, ਇਸ ਦੇ ਬਾਅਦ ਬ੍ਰਾਜ਼ੀਲ, ਭਾਰਤ ਅਤੇ ਰੂਸ ਦਾ ਨਾਮ ਆਉਂਦਾ ਹੈ।

ਇਸ ਸੂਚੀ ਵਿਚ 5ਵਾਂ ਨਾਂ ਦਖਣੀ ਅਫ਼ਰੀਕਾ ਦਾ ਜੁੜ ਗਿਆ ਹੈ। ਜ਼ਿਰਕਯੋਗ ਹੈ ਕਿ ਦੁਨੀਆਂ ਦੇ ਹੋਰ ਸਥਾਨਾਂ ਦੇ ਮੁਕਾਬਲੇ ਵਿਚ ਕੋਰੋਨਾ ਵਾਇਰਸ ਅਫ਼ਰੀਕੀ ਮਹਾਂਦੀਪ ਵਿਚ ਕਾਫ਼ੀ ਦੇਰੀ ਨਾਲ ਪਹੁੰਚਿਆ ਅਤੇ ਇਸ ਲਿਹਾਜ਼ ਤੋਂ ਅਧਿਕਾਰੀਆਂ ਨੂੰ ਕੋਰੋਨਾ ਨਾਲ ਨਜਿੱਠਣ ਦੀ ਤਿਆਰੀ ਦਾ ਕਾਫ਼ੀ ਸਮਾਂ ਮਿਲਿਆ ਪਰ ਕਿਸੇ ਵੀ ਹੋਰ ਖ਼ੇਤਰ ਦੇ ਮੁਕਾਬਲੇ ਅਫ਼ਰੀਕਾ ਵਿਚ ਸਿਹਤ ਦੇਖਭਾਲ ਦੇ ਸਰੋਤ ਬੇਹੱਦ ਸੀਮਤ ਹਨ ਅਤੇ ਇਸ ਦੇ ਚਲਦੇ ਦਖਣੀ ਅਫ਼ਰੀਕਾ ਵਿਚ ਕੋਰੋਨਾ ਦੇ ਤੇਜੀ ਨਾਲ ਵੱਧਦੇ ਮਰੀਜਾਂ ਦਾ ਇਲਾਜ ਕਰਣ ਵਿਚ ਸਰਕਾਰੀ ਹਸਪਤਾਲਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਵਿਚ ਕੋਰੋਨਾ ਨਾਲ 4,948 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਸਾਊਥ ਅਫ਼ਰੀਕਨ ਮੈਡੀਕਲ ਰਿਸਰਚ ਕਾਊਂਸਲ ਨੇ ਆਪਣੀ ਇਕ ਹਾਲੀਆ ਰੀਪੋਰਟ ਵਿਚ ਕਿਹਾ ਕਿ 6 ਮਈ ਤੋਂ 7 ਜੁਲਾਈ ਦਰਮਿਆਨ ਦੇਸ਼ ਵਿਚ 10,944 ਮੌਤ ਹੋਈਆਂ ਹਨ।                        (ਪੀਟੀਆਈ)