Russia Earthquake News: ਰੂਸ ਦੇ ਪ੍ਰਸ਼ਾਂਤ ਤੱਟ 'ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ, ਸੁਨਾਮੀ ਦੀ ਚੇਤਾਵਨੀ
ਰਿਕਟਰ ਪੈਮਾਨੇ ਉੱਤੇ 7.4 ਮਾਪੀ ਗਈ ਭੂਚਾਲ ਦੀ ਤੀਬਰਤਾ
Russia Earthquake News: ਐਤਵਾਰ ਨੂੰ ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਨੇੜੇ ਸਮੁੰਦਰ ਵਿੱਚ ਦੋ ਸ਼ਕਤੀਸ਼ਾਲੀ ਭੂਚਾਲ ਦਰਜ ਕੀਤੇ ਗਏ। ਜਿਨ੍ਹਾਂ ਵਿੱਚੋਂ ਇੱਕ 7.4 ਮਾਪਿਆ ਗਿਆ। ਇਸ ਤੋਂ ਬਾਅਦ, ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਇਸ ਖੇਤਰ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ।
ਜਾਣਕਾਰੀ ਅਨੁਸਾਰ, 7.4 ਤੀਬਰਤਾ ਵਾਲਾ ਭੂਚਾਲ 20 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ ਸੀ ਅਤੇ ਇਸ ਦਾ ਕੇਂਦਰ ਪੈਟ੍ਰੋਪਾਵਲੋਵਸਕ-ਕਾਮਚਟਸਕੀ ਸ਼ਹਿਰ ਤੋਂ 144 ਕਿਲੋਮੀਟਰ ਪੂਰਬ ਵਿੱਚ ਸਥਿਤ ਸੀ। ਇਸ ਸ਼ਹਿਰ ਦੀ ਆਬਾਦੀ ਲਗਭਗ 1.8 ਲੱਖ ਹੈ। ਇਸ ਤੋਂ ਕੁਝ ਮਿੰਟ ਪਹਿਲਾਂ, ਇਸੇ ਖੇਤਰ ਵਿੱਚ 6.7 ਤੀਬਰਤਾ ਦਾ ਇੱਕ ਹੋਰ ਭੂਚਾਲ ਵੀ ਦਰਜ ਕੀਤਾ ਗਿਆ ਸੀ।
ਇਨ੍ਹਾਂ ਦੋ ਸ਼ਕਤੀਸ਼ਾਲੀ ਭੂਚਾਲਾਂ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਫਿਲਹਾਲ, ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਅਧਿਕਾਰੀਆਂ ਨੇ ਤੱਟਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਉੱਚੇ ਖੇਤਰਾਂ ਵਿੱਚ ਜਾਣ ਦੀ ਸਲਾਹ ਦਿੱਤੀ ਹੈ।
ਐਮਰਜੈਂਸੀ ਟੀਮਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਮੁੰਦਰ ਵਿੱਚ ਇੰਨੀ ਤੀਬਰਤਾ ਦੇ ਭੂਚਾਲ ਤੋਂ ਬਾਅਦ, ਸੁਨਾਮੀ ਦੀ ਸੰਭਾਵਨਾ ਬਣੀ ਰਹਿੰਦੀ ਹੈ।