‘ਔਰਤਾਂ ਦੇ ਟੁਕੜੇ ਕਰ ਕੇ ਖੁਆਏ ਜਾਂਦੇ ਹਨ ਕੁੱਤਿਆਂ ਨੂੰ’- ਤਾਲਿਬਾਨਾਂ ਹੱਥੋਂ ਬਚ ਕੇ ਆਈ ਇਕ ਔਰਤ
ਹਮਲੇ ਵਿਚ ਵਾਲ-ਵਾਲ ਬਚੀ ਖਤੇਰਾ ਨਾਮ ਦੀ ਮਹਿਲਾ ਨੇ ਦੱਸੀ ਸਚਾਈ।
ਕਾਬੁਲ: ਪਿਛਲੇ ਸਾਲ ਗਜ਼ਨੀ ਪ੍ਰਾਂਤ ਵਿਚ ਇਕ 33 ਸਾਲਾ ਖਤੇਰਾ (Khatera) ਨਾਮ ਦੀ ਮਹਿਲਾ ਨੂੰ ਗੋਲੀ ਮਾਰ ਦਿਤੀ ਗਈ ਸੀ ਪਰ ਉਹ ਇਸ ਹਮਲੇ ਵਿਚ ਵਾਲ-ਵਾਲ ਬਚ ਗਈ। ਖਤੇਰਾ ਕਹਿੰਦੀ ਹੈ ਕਿ ਤਾਲਿਬਾਨ (Taliban) ਦੀ ਨਜ਼ਰ ’ਚ ਔਰਤਾਂ ਸਿਰਫ਼ ਮਾਸ ਦਾ ਪੁਤਲਾ ਹਨ ਜਿਸ ਵਿਚ ਜਾਨ ਨਹੀਂ ਹੁੰਦੀ। ਉਸ ਦੇ ਸਰੀਰ ਨਾਲ ਕੁੱਝ ਵੀ ਕੀਤਾ ਜਾ ਸਕਦਾ ਹੈ। ਉਸ ਨੂੰ ਸਿਰਫ਼ ਕੁੱਟਿਆ ਜਾ ਸਕਦਾ ਹੈ।
ਦਸਣਯੋਗ ਹੈ ਕਿ 20 ਸਾਲਾਂ ਬਾਅਦ ਅਫ਼ਗ਼ਾਨਿਸਤਾਨ (Afghanistan Crisis) ਉਤੇ ਕਬਜ਼ਾ ਹਾਸਲ ਕਰਨ ਤੋਂ ਬਾਅਦ ਭਾਵੇਂ ਤਾਲਿਬਾਨ ਨੇ ਕਿਹਾ ਹੈ ਕਿ ਉਹ ਔਰਤਾਂ ਪ੍ਰਤੀ ਨਰਮ ਰਹਿਣਗੇ। ਪਰ ਅਸਲੀਅਤ ਕੁੱਝ ਹੋਰ ਹੀ ਲੱਗ ਰਹੀ ਹੈ। ਇਕ ਔਰਤ ਜੋ ਹਮਲੇ ਵਿਚ ਵਾਲ-ਵਾਲ ਬਚ ਗਈ, ਨੇ ਤਾਲਿਬਾਨ ਦੀ ਬੇਰਹਿਮੀ ਨੂੰ ਦੁਨੀਆਂ ਦੇ ਸਾਹਮਣੇ ਰੱਖ ਦਿਤਾ ਹੈ। ਔਰਤ ਨੇ ਦਸਿਆ ਕਿ ਸਜ਼ਾ ਵਜੋਂ ਪਹਿਲਾਂ ਅਫ਼ਗ਼ਾਨ ਔਰਤਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਫਿਰ ਉਨ੍ਹਾਂ ਨੂੰ ਕੱਟ ਕੇ ਕੁੱਤਿਆਂ ਨੂੰ ਖੁਆਇਆ ਜਾਂਦਾ ਹੈ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ, 33 ਸਾਲਾ ਖਤੇਰਾ ਨੂੰ ਪਿਛਲੇ ਸਾਲ ਗਜ਼ਨੀ ਪ੍ਰਾਂਤ ਵਿੱਚ ਗੋਲੀ ਮਾਰੀ ਗਈ ਸੀ। ਪਰ ਉਹ ਇਸ ਹਮਲੇ ਵਿੱਚ ਵਾਲ -ਵਾਲ ਬਚ ਗਈ। ਤਾਲਿਬਾਨ ਨੇ ਖਤੇਰਾ ਦੀਆਂ ਅੱਖਾਂ ਕੱਢ ਦਿਤੀਆਂ ਸਨ। ਵਰਤਮਾਨ ਵਿਚ ਉਹ 2020 ਤੋਂ ਇਲਾਜ ਲਈ ਅਪਣੇ ਪਤੀ ਅਤੇ ਬੱਚੇ ਦੇ ਨਾਲ ਨਵੀਂ ਦਿੱਲੀ ਵਿਚ ਰਹਿ ਰਹੀ ਹੈ।
ਖਤੇਰਾ ਨੇ ਦਸਿਆ ਕਿ ਮੇਰੇ ਪਿਤਾ ਇਕ ਤਾਲਿਬਾਨ ਲੜਾਕੂ ਸਨ। ਉਨ੍ਹਾਂ ਮੈਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਮੈਂ ਅਫ਼ਗ਼ਾਨਿਸਤਾਨ ਪੁਲਿਸ (Afghanistan Police) ਵਿਚ ਨੌਕਰੀ ਕਰਦੀ ਸੀ। ਜਦੋਂ ਮੈਂ 2 ਮਹੀਨਿਆਂ ਦੀ ਗਰਭਵਤੀ ਸੀ ਤਾਂ ਮੈਨੂੰ ਮਾਰ ਦਿਤਾ ਸੀ। ਉਸ ਘਟਨਾ ਨੂੰ ਯਾਦ ਕਰਦਿਆਂ ਖਤੇਰਾ ਕਹਿੰਦੀ ਹੈ ਕਿ ਮੈਂ ਨੌਕਰੀ ਤੋਂ ਪਰਤ ਰਹੀ ਸੀ ਤਾਂ ਰਸਤੇ ਵਿੱਚ ਤਾਲਿਬਾਨ ਲੜਾਕਿਆਂ ਨੇ ਮੈਨੂੰ ਘੇਰ ਲਿਆ। ਪਹਿਲਾਂ ਮੇਰੀ ਆਈਡੀ ਦੀ ਜਾਂਚ ਕੀਤੀ ਅਤੇ ਫਿਰ ਗੋਲੀ ਮਾਰ ਦਿਤੀ। ਮੇਰੇ ਸਰੀਰ ਦੇ ਉਪਰਲੇ ਹਿੱਸੇ ਵਿੱਚ 8 ਗੋਲੀਆਂ ਲੱਗੀਆਂ ਸਨ। ਲੜਾਕਿਆਂ ਨੇ ਚਾਕੂਆਂ ਨਾਲ ਕਈ ਵਾਰ ਵੀ ਕੀਤੇ। ਰਿਪੋਰਟ ਅਨੁਸਾਰ, ਜਦੋਂ ਖਤੇਰਾ ਬੇਹੋਸ਼ ਹੋ ਗਈ, ਤਾਲਿਬਾਨ ਲੜਾਕਿਆਂ ਨੇ ਉਸਦੀ ਅੱਖ ਵਿਚ ਚਾਕੂ ਨਾਲ ਵਾਰ ਕੀਤਾ ਸੀ।
ਖਤੇਰਾ ਦਸਦੀ ਹੈ ਕਿ ਤਾਲਿਬਾਨ ਅਪਣੀ ਬੇਰਹਿਮੀ ਦਿਖਾਉਣ ਲਈ ਪਹਿਲਾਂ ਕੁੜੀਆਂ ਨਾਲ ਦੁਰਵਿਹਾਰ (Abuses Women) ਕਰਦਾ ਹੈ। ਉਨ੍ਹਾਂ ਨਾਲ ਬਲਾਤਕਾਰ ਕਰਦਾ ਹੈ ਫਿਰ ਮਾਰਦਾ ਹੈ। ਕੁੜੀਆਂ ਦੀਆਂ ਲਾਸ਼ਾਂ ਦੇ ਟੁਕੜੇ ਕੀਤੇ ਜਾਂਦੇ (Cut Into Pieces) ਹਨ ਅਤੇ ਕੁੱਤਿਆਂ ਨੂੰ ਖੁਆਏ (Fed to Dogs) ਜਾਂਦੇ ਹਨ। ਮੈਂ ਖੁਸ਼ਕਿਸਮਤ ਸੀ ਕਿ ਮੈਂ ਬਚ ਗਈ। ਖਤੇਰਾ ਅੱਗੇ ਦਸਦੀ ਹੈ ਕਿ ਮੇਰੇ ਲਈ ਕਾਬੁਲ ਅਤੇ ਫਿਰ ਦਿੱਲੀ ਆਉਣਾ ਸੌਖਾ ਸੀ। ਕਿਉਂਕਿ ਮੇਰੇ ਕੋਲ ਪੈਸੇ ਸਨ ਪਰ ਅਜਿਹਾ ਹਰ ਕਿਸੇ ਨਾਲ ਨਹੀਂ ਹੋਵੇਗਾ। ਇਹ ਸੋਚਣਾ ਮੁਸ਼ਕਲ ਹੈ ਕਿ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੇ ਆਉਣ ਨਾਲ ਹੁਣ ਔਰਤਾਂ, ਲੜਕੀਆਂ ਅਤੇ ਬੱਚਿਆਂ ਦਾ ਕੀ ਹੋਵੇਗਾ?