ਕੈਨੇਡਾ 'ਚੋਂ ਵੱਡੀ ਗਿਣਤੀ 'ਚ ਕੱਢੇ ਜਾਣਗੇ ਭਾਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

1,997 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ

Indians to be deported from Canada in large numbers

ਔਟਵਾ: ਬੀਤੇ ਸਾਲ ਤੋਂ ਜਿੱਥੇ ਅਮਰੀਕਾ ਵਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਉਥੇ ਹੀ ਕੈਨੇਡਾ ਵੀ ਵਿਚ ਇਸ ਸਾਲ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 2024 ਵਿਚ ਦਰਜ ਕੀਤੇ ਗਏ ਰਿਕਾਰਡ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ 28 ਜੁਲਾਈ, 2025 ਤਕ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲੇ ਦਾ ਅੰਕੜਾ ਪਹਿਲਾਂ ਹੀ 1,891 ਤਕ ਪਹੁੰਚ ਚੁੱਕਾ ਸੀ, ਜਿਸ ਦੇ ਹੋਰ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਇਹ ਅੰਕੜਾ ਦੂਜੇ ਨੰਬਰ ’ਤੇ ਹੈ ਅਤੇ ਇਸ ਤੋਂ ਅੱਗੇ ਸਿਰਫ਼ ਮੈਕਸੀਕਨ (2,678) ਹੀ ਹਨ। ਪਿਛਲੇ ਸਾਲ 2024 ਵਿਚ ਕੈਨੇਡੀਅਨ ਪ੍ਰਸ਼ਾਸਨ ਵਲੋਂ 1,997 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ। 2024 ਵਿਚ ਸੰਭ ਤੋਂ ਵੱਧ ਮੈਕਸੀਕਨਾਂ (3,683) ਨੂੰ ਡਿਪੋਰਟ ਕੀਤਾ ਗਿਆ ਸੀ, ਜਦਕਿ ਭਾਰਤੀ ਦੂਜੇ ਸਥਾਨ ’ਤੇ ਸਨ ਅਤੇ ਕੋਲੰਬੀਆ ਦੇ ਨਾਗਰਿਕ (981) ਤੀਜੇ ਸਥਾਨ ’ਤੇ ਸਨ। ਰਿਪੋਰਟ ਮੁਤਾਬਕ ਭਾਰਤੀਆਂ ਦੇ ਦੇਸ਼ ਨਿਕਾਲੇ ਵਿਚ ਪਿਛਲੇ ਸਾਲਾਂ ਦੌਰਾਨ ਵੱਡਾ ਵਾਧਾ ਹੋਇਆ ਹੈ। ਉਦਾਹਰਨ ਲਈ 2019 ਵਿਚ ਇਹ ਅੰਕੜਾ ਸਿਰਫ਼ 625 ਸੀ, ਜੋ 2024 ਦੀ ਕੁੱਲ ਗਿਣਤੀ ਦੇ ਇਕ ਤਿਹਾਈ ਤੋਂ ਵੀ ਘੱਟ ਸੀ।