ਚੀਨ ਨੂੰ ਨਿਯਮਾਂ ਦੇ ਆਧਾਰ 'ਤੇ ਕਰਨਾ ਹੋਵੇਗਾ ਕੰਮ : ਬਾਇਡਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਅਮਰੀਕਾ ਵਿਸ਼ਵ ਸਿਹਤ ਸੰਗਠਨ 'ਚ ਮੁੜ ਹੋਵੇਗਾ ਸ਼ਾਮਲ

image

ਵਾਸ਼ਿੰਗਟਨ, 20 ਨਵੰਬਰ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਹੈ ਕਿ ਉਹ ਇਹ ਯਕੀਨੀ ਕਰਨਗੇ ਕਿ ਚੀਨ ਨਿਯਮ ਕਾਨੂੰਨ ਦੇ ਆਧਾਰ 'ਤੇ ਕੰਮ ਕਰੇ ਅਤੇ ਐਲਾਨ ਕੀਤਾ ਕਿ ਅਮਰੀਕਾ ਮੁੜ ਤੋਂ ਵਿਸ਼ਵ ਸਿਹਤ ਸੰਗਠਨ 'ਚ ਸ਼ਾਮਲ ਹੋਵੇਗਾ।


ਬਾਇਡਨ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਚੀਨ ਜਿਸ ਤਰ੍ਹਾਂ ਕੰਮ ਕਰ ਰਿਹਾ ਹੈ, ਇਸ ਲਈ ਉਹ ਉਸ ਨੂੰ ਸਜ਼ਾ ਦੇਣਾ ਚਾਹੁੰਦੇ ਹਨ। ਬਾਇਡਨ ਦੀ ਇਸ ਟਿੱਪਣੀ ਬਾਰੇ ਉਨ੍ਹਾਂ ਤੋਂ ਪੁੱਛੇ ਜਾਣ 'ਤੇ ਉਹ ਪ੍ਰਤੀਕਿਰਿਆ ਦੇ ਰਹੇ ਸਨ। ਉਨ੍ਹਾਂ ਤੋਂ ਇਹ ਪੁਛਿਆ ਗਿਆ ਸੀ ਕਿ ਕੀ ਦੁਨੀਆ ਦੀ ਦੂਜੀ ਸੱਭ ਤੋਂ ਵੱਡੀ ਅਰਥਵਿਵਸਥਾ 'ਤੇ ਆਰਥਕ ਪਾਬੰਦੀ ਲਗਾਈ ਜਾਵੇਗੀ ਜਾਂ ਫਿਰ ਉਥੋਂ ਤੋਂ ਆਯਾਤ ਜਾਂ ਨਿਰਯਾਤ ਹੋਣ ਵਾਲੀ ਵਸਤੂਆਂ 'ਤੇ ਟੈਕਸ ਵਧਾਇਆ ਜਾਵੇਗਾ। ਇਸ ਸਾਲ ਅਪ੍ਰੈਲ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਦੇ ਵੱਖ ਹੋਣ ਦਾ ਐਲਾਨ ਕੀਤਾ ਸੀ।


ਬਾਇਡਨ ਨੇ ਕਿਹਾ, ''ਮਾਮਲਾ ਚੀਨ ਨੂੰ ਸਜ਼ਾ ਦੇਣ ਦਾ ਜ਼ਿਆਦਾ ਨਹੀਂ ਹੈ ਬਲਕਿ ਇਹ ਯਕੀਨੀ ਕਰਨ ਦਾ ਹੈ ਕਿ ਚੀਨ ਇਹ ਸਮਝੇ ਕਿ ਉਸ ਨੂੰ ਨਿਯਮ ਕਾਨੂੰਨਾਂ ਦੇ ਮੁਤਾਬਕ ਕੰਮ ਕਰਨਾ ਹੋਵੇਗਾ। ਇਹ ਇਕ ਆਮ ਜਿਹੀ ਗੱਲ ਹੈ।'' ਜੋਅ ਬਾਇਡਨ ਗਵਰਨਰਾਂ ਦੇ ਸਮੂਹਾਂ ਨਾਲ ਵਿਲਮਿੰਗਟਨ ਸਥਿਤ ਅਪਣੀ ਰਿਹਾਇਸ਼ 'ਤੇ ਬੈਠਕ ਕਰ ਰਹੇ ਸਨ।

image


ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਪਹਿਲੇ ਹੀ ਦਿਨ ਵਿਸ਼ਵ ਸਿਹਤ ਸੰਗਠਨ 'ਚ ਮੁੜ ਸ਼ਾਮਲ ਹੋਣ ਜਾ ਰਿਹਾ ਹੈ ਅਤੇ ਇਸ 'ਚ ਸੁਧਾਰ ਕਰਨ ਦੀ ਜ਼ਰੂਰਤ ਹੈ। ਸਾਨੂੰ ਪੈਰਿਸ ਜਲਵਾਯੂ ਸਮਝੌਤੇ 'ਚ ਫਿਰ ਤੋਂ ਸ਼ਾਮਲ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ''ਸਾਨੂੰ ਇਹ ਯਕੀਨੀ ਕਰਨਾ ਹੈ ਕਿ ਬਾਕੀ ਦੁਨੀਆ ਅਤੇ ਅਸੀਂ ਇਕੱਠੇ ਆਈਏ ਅਤੇ ਤੈਅ ਕਰੀਏ ਕਿ ਕੁੱਝ ਪੱਕੇ ਨਿਯਮ ਹਨ ਜਿਨ੍ਹਾਂ ਨੂੰ ਚੀਨ ਨੂੰ ਸਮਝਣਾ ਪੈਣਾ।'' ਅਮਰੀਕਾ ਚੀਨ ਸੰਬੰਧਾਂ ਲਈ ਰਾਸ਼ਟਰਪਤੀ ਟਰੰਪ ਦਾ ਚਾਰ ਸਾਲ ਦਾ ਕਾਰਜਕਾਲ ਸੱਭ ਤੋਂ ਬੁਰਾਂ ਦੌਰ ਸੀ। (ਪੀਟੀਆਈ)


ਟਰੰਪ ਦਾ ਚੋਣ ਨਤੀਜਿਆਂ ਨੂੰ ਸਵੀਕਾਰ ਨਾ ਕਰਨਾ ਗ਼ੈਰ ਜ਼ਿੰਮੇਵਾਰਾਨਾ


ਜੋਅ ਬਾਇਡਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ 'ਚ ਹਾਰ ਨੂੰ ਸਵੀਕਾਰ ਨਾ ਕਰਦਿਆਂ ਕੌਮਾਂਤਰੀ ਭਾਈਚਾਰੇ ਨੂੰ ਬਹੁਤ ਬੁਰਾ ਸੁਨੇਹਾ ਭੇਜ ਰਹੇ ਹਨ। ਬਹੁਤੇ ਪ੍ਰਮੁੱਖ ਮੀਡੀਆ ਘਰਾਣਿਆਂ ਨੇ ਬਾਇਡਨ ਨੂੰ 3 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਜੇਤੂ ਘੋਸ਼ਿਤ ਕੀਤਾ ਹੈ। ਕੁਝ ਹਫ਼ਤਿਆਂ ਬਾਅਦ, ਬਹੁਤ ਸਾਰੇ ਸੂਬੇ ਬਾਇਡਨ ਦੇ ਨਾਂ 'ਤੇ ਅਧਿਕਾਰਤ ਡਾਕ ਟਿਕਟ ਲਗਾਉਣਗੇ। ਹਾਲਾਂਕਿ ਟਰੰਪ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿਤਾ ਹੈ ਅਤੇ ਕਈ ਰਾਜਾਂ ਵਿਚ ਚੋਣ ਨਤੀਜਿਆਂ ਖ਼ਿਲਾਫ਼ ਮੁਕੱਦਮਾ ਵੀ ਦਾਇਰ ਕੀਤਾ ਹੈ। ਵਿਲਮਿੰਗਟਨ 'ਚ ਦੋਵਾਂ ਪਾਸਿਆਂ ਦੇ ਰਾਜਪਾਲਾਂ ਦੇ ਇਕ ਸਮੂਹ ਨਾਲ ਮੁਲਾਕਾਤ 'ਚ, ਬਾਇਡਨ ਨੇ ਕਿਹਾ, “ਲੋਕਤੰਤਰ ਕਿਵੇਂ ਕੰਮ ਕਰਦਾ ਹੈ ਇਸ ਬਾਰੇ ਬਾਕੀ ਦੁਨੀਆਂ 'ਚ ਇਕ ਬਹੁਤ ਹੀ ਮਾੜਾ ਸੰਦੇਸ਼ ਜਾ ਰਿਹਾ ਹੈ।'' ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦਾ (ਟਰੰਪ) ਮਨੋਰਥ ਕੀ ਹੈ ਪਰ ਮੈਨੂੰ ਲਗਦਾ ਹੈ ਕਿ ਇਹ ਬਹੁਤ ਗ਼ੈਰ ਜ਼ਿੰਮੇਵਾਰ ਹੈ। '