ਚੀਨ ਦੇ ਰਹੱਸਮਈ ਵਾਇਰਸ ਨੇ ਵਧਾਈ ਦੁਨੀਆਂ ਦੀ ਚਿੰਤਾ, ਸਰਕਾਰ ਨੇ ਜਾਰੀ ਕੀਤੇ ਨਿਰਦੇਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਦੇ ਵੁਹਾਨ ਵਿਚ ਰਹੱਸਮਈ ਕੋਰੋਨਾ ਵਾਇਰਸ ਫੈਲਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਹੋ ਗਿਆ ਹੈ।

Photo

ਬੀਜਿੰਗ: ਚੀਨ ਦੇ ਵੁਹਾਨ ਵਿਚ ਰਹੱਸਮਈ ਕੋਰੋਨਾ ਵਾਇਰਸ ਫੈਲਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਹੋ ਗਿਆ ਹੈ। ਵੁਹਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ 19 ਜਨਵਰੀ ਦੀ ਅੱਧੀ ਰਾਤ ਤੱਕ ਕੋਰੋਨਾ ਵਾਇਰਸ ਦੇ ਹਮਲੇ ਦੇ ਕੁੱਲ 198 ਮਾਮਲੇ ਦਰਜ ਕੀਤੇ ਗਏ ਅਤੇ 25 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਸ ਵਾਇਰਸ ਦੈ ਫੈਲਣ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਨਵੇਂ ਵਾਇਰਸ ਨੂੰ ਕਾਬੂ ਕਰਨ ਲਈ ਸਾਰੇ ਲੋੜੀਂਦੇ ਉਪਾਅ ਕਰਨ ਦਾ ਆਦੇਸ਼ ਦਿੱਤਾ ਹੈ। ਹਾਲ ਹੀ ਵਿਚ 17 ਲੋਕਾਂ ਨੇ ਇਸ ਰਹੱਸਮਈ ਕੋਰੋਨਾ ਵਾਇਰਸ ਦੀਆਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਗਈ ਸੀ, ਜਿਸ ਵਿਚ ਤਿੰਨ ਹੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਸਿਹਤ ਅਧਿਕਾਰੀ ਉਹਨਾਂ ਲੋਕਾਂ ਦੀ ਵੀ ਨਿਗਰਾਨੀ ਕਰ ਰਹੇ ਹਨ ਜੋ ਵਾਇਰਸ ਨਾਲ ਪੀੜਤ ਲੋਕਾਂ ਦੇ ਸੰਪਰਕ ਵਿਚ ਆਏ ਸਨ। ਜ਼ਿਕਰਯੋਗ ਹੈ ਕਿ ਜਨਵਰੀ ਦੀ ਸ਼ੁਰੂਆਤ ਵਿਚ ਇਸੇ ਰਹੱਸਮਈ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਸੀ। ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਨੂੰ ਨਿਮੋਨੀਆ ਅਤੇ ਸਾਹ ਲੈਣ ਸਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਚੀਨ ਦੇ ਵਾਇਰਸ ਪੀੜਤਾਂ ਦੇ ਮੱਦੇਨਜ਼ਰ ਭਾਰਤ ਦੇ ਵਿਦੇਸ਼ ਮੰਤਰਾਲੇ ਕੋਲੋਂ 31 ਤੋਂ ਹੁਣ ਤੱਕ ਭਾਰਤੀ ਵੀਜ਼ਾ ਅਪਲਾਈ ਕਰਨ ਵਾਲੇ ਯਾਤਰੀਆਂ ਦੀ ਸੂਚੀ ਮੰਗੀ ਗਈ ਹੈ ਤਾਂ ਜੋ ਉਹਨਾਂ ਨਾਲ ਸੰਪਰਕ ਕੀਤਾ ਜਾ ਸਕੇ ਅਤੇ ਸਲਾਹ ਦਿੱਤੀ ਜਾ ਸਕੇ। ਵਿਦੇਸ਼ ਮੰਤਰਾਲੇ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਚੀਨ ਅਤੇ ਆਸ ਪਾਸ ਦੇ ਦੇਸ਼ਾਂ ਦੇ ਭਾਰਤੀ ਦੂਤਾਵਾਸਾਂ ਵਿਚ ਯਾਤਰਾ ਸੰਬੰਧੀ ਸਲਾਹ ਸਥਾਨਕ ਭਾਸ਼ਾਵਾਂ ਵਿਚ ਜਾਰੀ ਕਰੇ।

ਕੇਂਦਰੀ ਸਿਹਤ ਸੈਕਟਰੀ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਪਣੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਚਿੱਠੀ ਲਿਖੀ ਹੈ। ਚਿੱਠੀ ਵਿਚ ਸਬੰਧਤ ਖੇਤਰਾਂ ਵਿਚ ਪ੍ਰਯੋਗਸ਼ਾਲਾਵਾਂ, ਹਸਪਤਾਲਾਂ ਆਦਿ ਦੀ ਸਮੀਖਿਆ ਕਰਨ ਲਈ ਕਿਹਾ ਗਿਆ ਹੈ।