ਜਹਾਜ਼ ਹਾਦਸੇ 'ਤੇ ਇਰਾਨ ਦਾ ਵੱਡਾ ਖੁਲਾਸਾ, ਦੋ ਮਿਜ਼ਾਈਲਾਂ ਦਾਗਣ ਦੀ ਕਬੂਲੀ ਗੱਲ!

ਏਜੰਸੀ

ਖ਼ਬਰਾਂ, ਕੌਮਾਂਤਰੀ

ਗ਼ਲਤੀ ਨਾਲ ਕੀਤਾ ਗਿਆ ਸੀ ਮਿਜ਼ਾਈਲ ਹਮਲਾ

File photo

ਤੇਹਰਾਨ : ਇਰਾਨ ਦੇ ਘਰੇਲੂ ਹਵਾਬਾਜ਼ੀ ਮੰਤਰਾਲੇ ਨੇ ਯੂਕਰੇਨ ਦੇ ਜਹਾਜ਼ ਨਾਲ ਵਾਪਰੇ ਹਾਦਸੇ ਸਬੰਧੀ ਵੱਡਾ ਖੁਲਾਸਾ ਕਰਦਿਆਂ ਮੰਨਿਆ ਹੈ ਕਿ ਉਸ ਵਲੋਂ ਜਹਾਜ਼ 'ਤੇ ਦੋ ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਮੰਤਰਾਲੇ ਦੀ ਵੈਬਸਾਈਟ 'ਤੇ ਸੋਮਵਾਰ ਦੇਰ ਰਾਤ ਜਾਰੀ ਕੀਤੀ ਗਈ ਮੁਢਲੀ ਰਿਪੋਰਟ ਮੁਤਾਬਕ ਜਾਂਚ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਜਹਾਜ਼ 'ਤੇ ਦੋ ਟੋਰ-ਐਮ1 ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਰਿਪੋਰਟ ਅਨੁਸਾਰ ਅਜੇ ਅਗਲੇਰੀ ਜਾਂਚ ਜਾਰੀ ਹੈ।

ਕਾਬਲੇਗੌਰ ਹੈ ਕਿ ਇਸ ਸਾਲ ਦੇ ਪਹਿਲੇ ਹਫ਼ਤੇ ਦੌਰਾਨ ਇਰਾਨ ਦੇ ਅਮਰੀਕਾ ਨਾਲ ਵਧੇ ਤਣਾਅ ਦੌਰਾਨ ਇਰਾਨ ਵਿਚ ਯੂਕਰੇਨ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਦੌਰਾਨ ਜਹਾਜ਼ ਵਿਚ ਸਵਾਰ ਸਾਰੇ 176 ਵਿਅਕਤੀ ਮਾਰੇ ਗਏ ਸਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਗਿਣਤੀ ਇਰਾਨੀ ਨਾਗਰਿਕਾਂ ਦੀ ਸੀ।  

ਇਹ ਹਾਦਸਾ ਉਸ ਵਕਤ ਵਾਪਰਿਆ ਸੀ ਜਦੋਂ ਇਰਾਨੀ ਜਨਰਲ ਦੀ ਅਮਰੀਕਾ ਵਲੋਂ ਕੀਤੇ ਗਏ ਹਮਲੇ 'ਚ ਮੌਦ ਬਾਅਤ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਅਪਣੀ ਚਰਮ-ਸੀਮਾ 'ਤੇ ਸੀ। ਸ਼ੁਰੂਆਤ 'ਚ ਇਰਾਨ ਇਸ ਘਟਨਾ 'ਚ ਅਪਣਾ ਹੱਥ ਹੋਣ ਤੋਂ ਸਾਫ਼ ਇਨਕਾਰ ਕਰਦਾ ਰਿਹਾ, ਪਰ ਬਾਅਦ ਵਿਚ ਇਰਾਨ ਨੇ ਅਪਣੀ ਗ਼ਲਤੀ ਸਵੀਕਾਰ ਕਰ ਲਈ ਸੀ।

ਜਹਾਜ਼ 'ਚ ਮਾਰੇ ਗਏ ਮੁਸਾਫ਼ਿਰਾਂ ਵਿਚੋਂ ਇਰਾਨ ਦੇ 82 ਅਤੇ ਕਨਾਡਾ  ਦੇ 63 ਨਾਗਰਿਕ ਸ਼ਾਮਲ ਸਨ। 8 ਜਨਵਰੀ ਨੂੰ ਇਹ ਜਹਾਜ਼ ਯੂਕਰੇਨ ਦੀ ਰਾਜਧਾਨੀ ਕੀਵ ਜਾ ਰਿਹਾ ਸੀ। ਜਹਾਜ਼ ਵਿਚ ਯੂਕਰੇਨ ਦੇ 11,  ਸਵੀਡਨ  ਦੇ 10, ਅਫਗਾਨਿਸਤਾਨ  ਦੇ ਚਾਰ ਜਦਕਿ ਜਰਮਨੀ ਅਤੇ ਬ੍ਰਿਟੇਨ ਦੇ ਤਿੰਨ-ਤਿੰਨ ਨਾਗਰਿਕ ਸਵਾਰ ਸਨ ।

ਸ਼ੁਰੂਆਤੀ ਦੌਰ 'ਚ ਇਰਾਨ ਨੇ ਜਹਾਜ਼ 'ਤੇ ਕਿਸੇ ਤਰ੍ਹਾਂ ਦੇ ਹਮਲੇ ਤੋਂ ਇਨਕਾਰ ਕਰਦਿਆਂ ਨੂੰ ਤਕਨੀਕੀ ਖ਼ਰਾਬੀ ਦਸਿਆ ਸੀ। ਪਰ ਬਾਅਦ 'ਚ ਰੌਲਾ ਜ਼ਿਆਦਾ ਵਧਣ ਬਾਅਦ ਉਸ ਨੇ ਅਪਣੀ ਗ਼ਲਤੀ ਸਵੀਕਾਰ ਕਰ ਲਈ ਸੀ। ਇਰਾਨ ਪ੍ਰਸ਼ਾਸਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਯੂਕਰੇਨ ਦਾ ਜਹਾਜ਼ ਮਨੁੱਖੀ ਭੁੱਲ ਕਾਰਨ ਨਿਸ਼ਾਨੇ 'ਤੇ ਆ ਗਿਆ ਸੀ। ਯੂਕਰੇਨ ਇੰਟਰਨੈਸ਼ਨਲ  ਦੇ ਜਹਾਜ਼ ਬੋਇੰਗ 737-800 ਉਡਾਨ ਤੋਂ ਕੁੱਝ ਮਿੰਟ ਬਾਅਦ ਹੀ ਕਰੈਸ਼ ਹੋ ਗਿਆ ਸੀ।