ਨਿਊਜ਼ੀਲੈਂਡ ਸਰਕਾਰ ਅੰਤਰਰਾਸ਼ਟਰੀ ਇੰਟਰਨੈਟ ਕੰਪਨੀਆਂ ਨੂੰ ਨਵੇਂ ਟੈਕਸ ਦੇ ਘੇਰੇ ਵਿਚ ਲਿਆਏਗੀ
1996 'ਚ ਜਨਮਿਆ ਗੂਗਲ ਅਤੇ 2003-04 ਦੇ ਵਿਚ ਜਨਮੀ ਫੇਸਬੁੱਕ ਇਸ ਵੇਲੇ ਕ੍ਰਮਵਾਰ 136 ਅਤੇ 65 ਬਿਲੀਅਨ ਅਮਰੀਕੀ ਡਾਲਰ ਦੀ ਸਲਾਨਾ ਕਮਾਈ ਕਰ ਰਹੇ ਹਨ
ਔਕਲੈਂਡ :1996 'ਚ ਜਨਮਿਆ ਗੂਗਲ ਅਤੇ 2003-04 ਦੇ ਵਿਚ ਜਨਮੀ ਫੇਸਬੁੱਕ ਇਸ ਵੇਲੇ ਕ੍ਰਮਵਾਰ 136 ਅਤੇ 65 ਬਿਲੀਅਨ ਅਮਰੀਕੀ ਡਾਲਰ ਦੀ ਸਲਾਨਾ ਕਮਾਈ ਕਰ ਰਹੇ ਹਨ। ਟਵਿਟਰ ਦੀ ਵੀ ਵੱਡੀ ਬਿਲੀਅਨ ਡਾਲਰ ਦੇ ਵਿਚ ਕਮਾਈ ਹੈ। ਬਹੁਤ ਸਾਰੇ ਦੇਸ਼ਾਂ ਵਿਚ ਇਨ੍ਹਾਂ ਵੱਡੀਆਂ ਕੰਪਨੀਆਂ ਨੂੰ ਉਥੇ ਵਪਾਰ ਕਰਨ ਦੇ ਲਈ ਟੈਕਸ ਪ੍ਰਣਾਲੀ ਦੇ ਵਿਚ ਸ਼ਾਮਿਲ ਕਰਨ ਦੀਆਂ ਕਾਰਵਾਈਆਂ ਜਾਰੀ ਹਨ ਅਤੇ ਕਈ ਦੇਸ਼ ਟੈਕਸ ਲੈ ਵੀ ਰਹੇ ਹਨ। ਹੁਣ ਨਿਊਜ਼ੀਲੈਂਡ ਸਰਕਾਰ ਨੇ ਵੀ ਇਨ੍ਹਾਂ ਵੱਡੀਆਂ ਕੰਪਨੀਆਂ ਨੂੰ ਸੰਕੇਤ ਦੇ ਦਿਤਾ ਹੈ ਕਿ ਉਨ੍ਹਾਂ ਨੂੰ ਬਣਦਾ ਟੈਕਸ ਦੇਣਾ ਚਾਹੀਦਾ ਹੈ ਅਤੇ ਇਸ ਸਬੰਧੀ ਤਿਆਰੀਆਂ ਜਾਰੀ ਹਨ।
ਹੁਣ ਅਜਿਹੀਆਂ ਕੰਪਨੀਆਂ ਨੂੰ ਫੇਸਬੁੱਕ ਦੇ ਨਾਲ ਟੈਕਸਬੁੱਕ ਵੀ ਰੱਖਣੀ ਪਏਗੀ। ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਨੇ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿਤੀ। ਪਾਰਲੀਮੈਂਟ ਦੇ ਵਿਚ ਇਸ ਉਤੇ ਸਹਿਮਤੀ ਬਣਾਈ ਜਾ ਰਹੀ ਹੈ ਅਤੇ ਸਾਰਾ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸ਼ੁਰੂ ਦੇ ਵਿਚ 2 ਜਾਂ 3% ਟੈਕਸ ਲਗਾਇਆ ਜਾ ਸਕਦਾ ਹੈ। ਇਸ ਹਿਸਾਬ ਦੇ ਨਾਲ ਹੀ ਸਰਕਾਰ ਨੂੰ 30 ਤੋਂ 80 ਮਿਲੀਅਨ ਡਾਲਰ ਦਾ ਫਾਇਦਾ ਹੋ ਸਕਦਾ ਹੈ। ਇਸ ਵੇਲੇ ਵੱਡੀਆਂ ਕੰਪਨੀਆਂ ਸ਼ੋਸ਼ਲ ਮੀਡੀਆ ਨੈਟਵਰਕ, ਟ੍ਰੇਡਿੰਗ ਪਲੇਟਫਾਰਮ ਅਤੇ ਆਨਲਾਈਨ ਐਡਵਰਟਾਈਜਿੰਗ ਤੋਂ ਚੋਖੀ ਕਮਾਈ ਕਰ ਰਹੀਆਂ ਹਨ
ਪਰ ਉਨ੍ਹਾਂ ਨੂੰ ਕੋਈ ਟੈਕਸ ਦੇਣਦਾਰੀ ਨਹੀਂ ਕਰਨੀ ਪੈ ਰਹੀ। ਇਹ ਗੱਲ ਸਰਕਾਰ ਦੇ ਲਈ ਹੁਣ ਚੁੱਭਵੀਂ ਹੋ ਰਹੀ ਹੈ ਅਤੇ ਟੈਕਸ ਦੀ ਤਿਆਰੀ ਕੀਤੀ ਜਾ ਰਹੀ ਹੈ। ਨਿਊਜ਼ੀਲੈਂਡ ਤੋਂ ਲਗਪਗ 2.7 ਬਿਲੀਅਨ ਦਾ ਵਪਾਰ ਬਾਰਡਰ ਤੋਂ ਪਾਰ ਦਾ ਇੰਟਰਨੈਟ ਜ਼ਰੀਏ ਹੁੰਦਾ ਹੈ। ਇਸ ਟੈਕਸ ਲਈ ਕਈ ਹੋਰ ਦੇਸ਼ ਵੀ ਇਕਮੁੱਠਤਾ ਦਿਖਾ ਰਹੇ ਹਨ। ਪਹਿਲੇ ਗੇੜ ਦੇ ਵਿਚ ਇਹ ਰਾਹਤ ਭਰਿਆ ਟੈਕਸ ਹੋਵੇਗਾ ਅਤੇ ਫਿਰ ਵਿਸ਼ਵ ਪੱਧਰ ਦੀ ਪ੍ਰਣਾਲੀ ਨੂੰ ਵੇਖ ਕੇ ਉਸ ਉਤੇ ਕੰਮ ਕੀਤਾ ਜਾਵੇਗਾ।
ਮਈ ਮਹੀਨੇ ਇਸ ਸਬੰਧੀ ਸਾਰੀ ਤਸਵੀਰ ਸਾਹਮਣੇ ਆਵੇਗੀ। ਨੈਟਫਲਿਕਸ ਟੈਕਸ ਅਕਤੂਬਰ 2016 ਤੋਂ ਲਾਗੂ ਹੋ ਚੁੱਕਾ ਹੈ ਤੇ ਕੰਪਨੀ ਜੀ. ਐਸ. ਟੀ. ਅਦਾ ਕਰਦੀ ਹੈ। ਅਕਤੂਬਰ 2019 ਦੇ ਵਿਚ ਐਮਾਜ਼ੋਨ ਟੈਕਸ ਵੀ ਲਾਗੂ ਕੀਤਾ ਜਾ ਰਿਹਾ ਹੈ। ਕਈ ਵਿਦੇਸ਼ੀ ਕੰਪਨੀਆਂ ਅਪਣਾ ਸਮਾਨ ਵੀ ਇਥੇ ਮੁਹੱਈਆ ਕਰਦੀਆਂ ਹਨ। ਸਰਕਾਰ ਦੀ ਇਕ ਕਮਿਊਨੀਕੇਸ਼ਨ ਸਕਿਊਰਿਟੀ ਬਿਓਰੋ ਨੇ ਚਾਈਨਾ ਦੀ ਇਕ ਕੰਪਨੀ ਤੋਂ ਸਪਾਰਕ ਨੂੰ ਸਾਮਾਨ ਖਰੀਦਣ ਤੋਂ ਵੀ ਮਨ੍ਹਾ ਕਰ ਦਿਤਾ ਹੈ ਅਤੇ ਜਿਸ ਨਾਲ ਸਕਿਉਰਿਟੀ ਰਿਸਕ ਹੋ ਸਕਦਾ ਹੈ।