ਕੈਨੇਡਾ ਨੇ ਸ਼ੁਰੂ ਕੀਤੀ 296 ਗੈਂਗਸਟਰਾਂ ਦੀ ਡਿਪੋਰਟੇਸ਼ਨ ਪ੍ਰਕਿਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹੁਣ ਤਕ  32 ਲੋਕਾਂ ਵਿਰੁਧ  ਡਿਪੋਰਟੇਸ਼ਨ ਆਰਡਰ ਜਾਰੀ ਹੋ ਚੁਕੇ ਹਨ।

Canada begins deportation process of 296 gangsters

ਔਟਵਾ ਕੈਨੇਡਾ ਸਰਕਾਰ ਨੇ ਗੈਂਗਸਟਰਾਂ ਵਿਰੁਧ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੇ 296 ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ, ਜਿਸ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਦਾ ਨਾਮ ਵੀ ਸ਼ਾਮਲ ਹੈ। ਹੁਣ ਤਕ  32 ਲੋਕਾਂ ਵਿਰੁਧ  ਡਿਪੋਰਟੇਸ਼ਨ ਆਰਡਰ ਜਾਰੀ ਹੋ ਚੁਕੇ ਹਨ।

ਕੈਨੇਡਾ ਦੇ ਮੀਡੀਆ ਰੀਪੋਰਟਾਂ ਮੁਤਾਬਕ, ਜੇ ਇਹ ਕਾਰਵਾਈ ਸਖ਼ਤੀ ਨਾਲ ਕੀਤੀ ਗਈ ਤਾਂ ਗੋਲਡੀ ਬਰਾੜ ਅਤੇ ਅਰਸ਼ਦੀਪ ਡੱਲਾ ਵਰਗੇ ਲੋੜੀਂਦੇ ਗੈਂਗਸਟਰਾਂ ਨੂੰ ਭਾਰਤ ਭੇਜਿਆ ਜਾ ਸਕਦਾ ਹੈ, ਜਿੱਥੇ ਪੰਜਾਬ ਪੁਲਿਸ ਉਨ੍ਹਾਂ ਨੂੰ ਲੰਬਿਤ ਮਾਮਲਿਆਂ ਵਿਚ ਗਿ੍ਰਫ਼ਤਾਰ ਕਰ ਸਕਦੀ ਹੈ। ਸਰੀ ਪੁਲਿਸ ਨੇ ਪੰਜਾਬੀ ਭਾਸ਼ਾ ਵਿਚ ਐਡਵਾਇਜ਼ਰੀ ਜਾਰੀ ਕਰ ਕੇ ਵਪਾਰੀਆਂ ਨੂੰ ਚੇਤਾਵਨੀ ਦਿਤੀ  ਹੈ ਕਿ ਗੈਂਗਸਟਰ ਫ਼ੋਨ ਕਰ ਕੇ ਪੈਸੇ ਦੀ ਮੰਗ ਕਰਦੇ ਹਨ ਅਤੇ ਨਾ ਦੇਣ ’ਤੇ ਘਰਾਂ ’ਤੇ ਗੋਲੀਬਾਰੀ ਕਰਦੇ ਹਨ।

 ਸਰੀ ਪੁਲਿਸ ਦੇ ਇਕ  ਅਧਿਕਾਰੀ ਨੇ ਕਿਹਾ, ‘‘ਸਾਡੇ ਵਪਾਰੀ ਸੱਭ ਤੋਂ ਵੱਧ ਨਿਸ਼ਾਨੇ ’ਤੇ ਹਨ, ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।’’ ਬਿ੍ਰਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕਿਹਾ, ‘‘ਇਹ ਸਿਰਫ਼ ਕਾਨੂੰਨ-ਵਿਵਸਥਾ ਦਾ ਮਾਮਲਾ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਹੈ। ਫੈਡਰਲ ਸਰਕਾਰ ਨੂੰ ਹੋਰ ਸਹਿਯੋਗ ਦੇਣਾ ਚਾਹੀਦਾ ਹੈ।’’

ਇਸ ਕਾਰਵਾਈ ਲਈ ਰੌਇਲ ਕੈਨੇਡੀਅਨ ਮਾਊਂਟਡ ਪੁਲਿਸ ਦੀ ਅਗਵਾਈ ਹੇਠ ਖ਼ਾਸ ਟਾਸਕ ਫੋਰਸ ਬਣਾਈ ਗਈ ਹੈ। ਨਾਲ ਹੀ 2.5 ਲੱਖ ਕੈਨੇਡੀਅਨ ਡਾਲਰ ਦਾ ਇਨਾਮੀ ਫੰਡ ਐਲਾਨ ਕੀਤਾ ਗਿਆ ਹੈ, ਜਿਸ ਵਿਚ ਮਹੱਤਵਪੂਰਨ ਜਾਣਕਾਰੀ ਦੇਣ ਵਾਲਿਆਂ ਨੂੰ 1 ਲੱਖ ਡਾਲਰ ਤਕ  ਇਨਾਮ ਮਿਲ ਸਕਦਾ ਹੈ। ਕੈਨੇਡਾ ਸਰਕਾਰ ਦਾ ਮਕਸਦ ਹੈ ਕਿ ਕੌਮਾਂਤਰੀ  ਗੈਂਗਸਟਰ ਨੈੱਟਵਰਕਾਂ ਨਾਲ ਜੁੜੇ ਹਿੰਸਾ ਅਤੇ ਧਮਕੀ ਦੇ ਮਾਮਲਿਆਂ ’ਤੇ ਪੂਰੀ ਤਰ੍ਹਾਂ ਨਿਯੰਤਰਣ ਕੀਤਾ ਜਾਵੇ। (ਏਜੰਸੀ)