ਡਾਟਾ ਲੀਕ ਮਾਮਲੇ 'ਚ ਫੇਸਬੁੱਕ ਮਾਲਕ ਨੂੰ ਲਗਾ ਝਟਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

395 ਅਰਬ ਡਾਲਰ ਦਾ ਨੁਕਸਾਨ

Facebook

ਵਾਸ਼ਿੰਗਟਨ, 20 ਮਾਰਚ: ਡਾਟਾ ਲੀਕ ਮਾਮਲੇ ਵਿਚ ਫੇਸਬੁੱਕ ਦੇ ਮਾਲਕ ਮਾਰਕ ਜੁਕਰਬਰਗ ਨੂੰ ਤਗੜਾ ਝਟਕਾ ਲਗਿਆ ਹੈ। ਫੇਸਬੁੱਕ ਨਾਲ ਜੁੜਿਆ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਇਕ ਦਿਨ ਵਿਚ ਜੁਕਰਬਰਗ ਦੇ ਤਕਰਬੀਨ 395 ਅਰਬ ਰੁਪਏ ਸੁਆਹ ਹੋ ਗਏ।ਰੀਪੋਰਟਾਂ ਅਨੁਸਾਰ 2016 ਵਿਚ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਦੀ ਮਦਦ ਕਰਨ ਵਾਲੀ ਇਕ ਰਾਜਨੀਤਕ ਡਾਟਾ ਵਿਸ਼ਲੇਸ਼ਣ ਫ਼ਰਮ 'ਕੈਮਬ੍ਰਿਜ ਐਨਾਲਿਟਿਕਾ' ਨੇ 5 ਕਰੋੜ ਤੋਂ ਵਧ ਫੇਸਬੁੱਕ ਯੂਜ਼ਰਾਂ ਦੀ ਨਿਜੀ ਜਾਣਕਾਰੀ ਚੋਰੀ ਕਰ ਕੇ ਇਸ ਦਾ ਇਸਤੇਮਾਲ ਚੋਣਾਂ ਦੌਰਾਨ ਕੀਤਾ। ਇਸ ਖ਼ਬਰ ਦੇ ਬਾਅਦ ਅਮਰੀਕੀ ਅਤੇ ਯੂਰਪੀ ਅਧਿਕਾਰੀਆਂ ਨੇ ਫੇਸਬੁੱਕ ਤੋਂ ਜਵਾਬ-ਤਲਬ ਕੀਤਾ ਹੈ ਕਿਉਂਕਿ ਚੋਣਾਂ ਦੌਰਾਨ ਇਹ ਫਰਮ ਡੋਨਲਡ ਟਰੰਪ ਲਈ ਫੇਸਬੁੱਕ ਇਸ਼ਤਿਹਾਰਾਂ 'ਤੇ ਕੰਮ ਕਰ ਰਹੀ ਸੀ। ਹੁਣ ਅਮਰੀਕਾ ਅਤੇ ਯੂਰਪ ਦੇ ਸੰਸਦ ਮੈਂਬਰਾਂ ਨੇ ਜੁਕਰਬਰਗ ਨੂੰ ਉਨ੍ਹਾਂ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ, ਤਾਕਿ ਉਹ ਜਾਣ ਸਕਣ ਕਿ ਕੈਮਬ੍ਰਿਜ ਐਨਾਲਿਟਿਕਾ ਨੇ ਫੇਸਬੁੱਕ ਯੂਜ਼ਰਾਂ ਦੀ ਨਿਜੀ ਜਾਣਕਾਰੀ ਕਿਵੇਂ ਇਕੱਠੀ ਕੀਤੀ ਅਤੇ ਇਸ ਦਾ ਇਸਤੇਮਾਲ ਕਿਵੇਂ ਹੋਇਆ।

ਮੀਡੀਆ ਵਿਚ ਇਨ੍ਹਾਂ ਖ਼ਬਰਾਂ ਦਾ ਵੱਡਾ ਅਸਰ ਕੰਪਨੀ ਦੇ ਸਟਾਕ 'ਤੇ ਦਿਸਿਆ। ਸੋਮਵਾਰ ਨੂੰ ਸੋਸ਼ਲ ਮੀਡੀਆ ਕੰਪਨੀ ਦੇ ਸ਼ੇਅਰ 7 ਫ਼ੀ ਸਦੀ ਤਕ ਟੁਟ ਗਏ। ਸ਼ੇਅਰ ਦੀ ਕੀਮਤ ਘਟਣ ਦੀ ਵਜ੍ਹਾ ਨਾਲ ਫੇਸਬੁੱਕ ਸੀ. ਈ. ਓ. ਮਾਰਕ ਜੁਕਰਬਰਗ ਨੂੰ ਇਕ ਦਿਨ ਵਿਚ 6.06 ਅਰਬ ਡਾਲਰ (ਤਕਰੀਬਨ 395 ਅਰਬ ਰੁਪਏ) ਦਾ ਨੁਕਸਾਨ ਹੋਇਆ। ਫੇਸਬੁੱਕ ਸਟਾਕ ਦੇ 40 ਕਰੋੜ ਤੋਂ ਵੱਧ ਸ਼ੇਅਰ ਮਾਰਕ ਜੁਕਰਬਰਗ ਕੋਲ ਹਨ। ਫ਼ੋਰਬਸ ਮੁਤਾਬਕ ਜੁਕਰਬਰਗ ਦੁਨੀਆਂ ਦੇ ਸੱਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਜੈੱਫ ਬੇਜੋਸ, ਬਿਲ ਗੇਟਸ, ਵਾਰੇਨ ਬਫਟ, ਬਰਨਾਰਡ ਅਰਨਾਲਟ ਦੇ ਬਾਅਦ 5ਵੇਂ ਸਥਾਨ 'ਤੇ ਹਨ। ਹਾਲਾਂਕਿ ਫੇਸਬੁੱਕ ਦੀ ਪ੍ਰਾਈਵੇਸੀ ਲੀਕ ਹੋਣ ਨਾਲ ਸੋਮਵਾਰ ਨੂੰ ਹੋਰ ਤਕਨਾਲੋਜੀ ਕੰਪਨੀਆਂ ਦੇ ਸਟਾਕ 'ਤੇ ਵੀ ਦਬਾਅ ਦੇਖਿਆ ਗਿਆ ਕਿਉਂਕਿ ਨਿਵੇਸ਼ਕਾਂ ਨੂੰ ਡਰ ਹੈ ਕਿ ਇਨ੍ਹਾਂ ਖ਼ਬਰਾਂ ਨਾਲ ਤਕਨਾਲੋਜੀ ਖੇਤਰ ਲਈ ਸਖ਼ਤ ਜਾਂਚ ਅਤੇ ਸੰਭਾਵੀ ਨਿਯਮ ਬਣਾਉਣ ਦੀ ਪਹਿਲ ਹੋ ਸਕਦੀ ਹੈ।               (ਪੀ.ਟੀ.ਆਈ)