ਸਿਡਨੀ : ਘਰ 'ਚ ਦਾਖਲ ਹੋ ਕੇ ਵਿਅਕਤੀ ਨੇ ਕੀਤੀ ਗੋਲੀਬਾਰੀ
ਸਿਡਨੀ : ਘਰ 'ਚ ਦਾਖਲ ਹੋ ਕੇ ਵਿਅਕਤੀ ਨੇ ਕੀਤੀ ਗੋਲੀਬਾਰੀ
ਸਿਡਨੀ : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਮੰਗਲਵਾਰ ਦੀ ਰਾਤ ਨੂੰ ਇਕ ਵਿਅਕਤੀ ਵਲੋਂ ਹਿੰਸਕ ਵਾਰਦਾਤ ਨੂੰ ਅੰਜ਼ਾਮ ਦਿਤਾ ਗਿਆ। ਪੁਲਿਸ ਮੁਤਾਬਕ ਇਸ ਘਟਨਾ ਦੇ ਸਬੰਧ 'ਚ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਰਅਸਲ ਪੱਛਮੀ ਸਿਡਨੀ ਸਥਿਤ ਇਕ ਘਰ 'ਚ ਦਾਖਲ ਹੋ ਕੇ ਇਕ ਵਿਅਕਤੀ ਵਲੋਂ ਗੋਲੀਬਾਰੀ ਕੀਤੀ ਗਈ, ਜਿਸ ਕਾਰਨ ਜੋੜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਉਨ੍ਹਾਂ ਨੂੰ ਮੰਗਲਵਾਰ ਰਾਤ ਤਕਰੀਬਨ 7.30 ਵਜੇ ਕਿਡ ਕਲੋਜ਼, ਬਿਡਵਿੱਲ ਸਥਿਤ ਘਰ 'ਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ।
ਪੁਲਿਸ ਮੁਤਾਬਕ ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਗੋਲੀਬਾਰੀ ਜਾ ਸ਼ਿਕਾਰ ਹੋਏ 47 ਸਾਲਾ ਵਿਅਕਤੀ ਅਤੇ 43 ਸਾਲਾ ਔਰਤ ਗੰਭੀਰ ਰੂਪ ਨਾਲ ਜ਼ਖਮੀ ਮਿਲੇ। ਜ਼ਖਮੀਆਂ ਨੂੰ ਵੈਸਟਮੀਡ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਇਕ ਚਸ਼ਮਦੀਦ ਗਵਾਹ ਨੇ ਦਸਿਆ ਘਰ ਦੇ ਬਾਹਰ ਇਕ ਤੇਜ਼ ਰਫਤਾਰ ਕਾਰ ਆ ਕੇ ਰੁਕੀ ਅਤੇ ਉਸ ਨੇ ਸੁਣਿਆ ਕਿ ਨੌਜਵਾਨ ਨੇ ਇਕੋ ਵਾਰ 4 ਗੋਲੀਆਂ ਚਲਾਈਆਂ। ਘਰ ਦੇ ਬਾਹਰ ਇਕ 15 ਸਾਲਾ ਲੜਕੀ ਨੇ ਮਦਦ ਲਈ ਰੌਲਾ ਪਾਇਆ। ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਨੇੜੇ ਦੀਆਂ ਗਲੀਆਂ 'ਚ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਅਤੇ 23 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ 'ਤੇ ਦੋ ਲੋਕਾਂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਵਲੋਂ ਨੌਜਵਾਨ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਅਤੇ ਉਸ ਨੂੰ ਬੁੱਧਵਾਰ ਨੂੰ ਸਥਾਨਕ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਪੁਲਿਸ ਵਲੋਂ ਘਟਨਾ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਦਾ ਮੰਨਣਾ ਹੈ ਕਿ ਜੋੜੇ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ।