70 ਸਾਲਾਂ 'ਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀ ਮਹਿੰਗਾਈ ਨੇ ਪਾਕਿਸਤਾਨ 'ਚ ਮਚਾਈ ਹਾਹਾਕਾਰ
ਰੋਜ਼ਾਨਾ ਵਰਤੋਂ ਦੀਆ ਚੀਜ਼ਾਂ ਦੀ ਵਧਦੀ ਕੀਮਤ ਨੇ ਆਮ ਆਦਮੀ ਦੀ ਹਾਲਤ ਕੀਤੀ ਬੁਰੀ ਤਰ੍ਹਾਂ ਪ੍ਰਭਾਵਿਤ
ਕਰਾਚੀ : ਪਾਕਿਸਤਾਨ 'ਚ ਇੱਕ ਪਾਸੇ ਜਿਥੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਡਗਮਗਾ ਰਹੀ ਹੈ ਉਥੇ ਹੀ ਦੇਸ਼ ਵਿਚ ਮਹਿੰਗਾਈ ਵੀ ਸਿਖ਼ਰ 'ਤੇ ਪਹੁੰਚ ਗਈ ਹੈ। ਰੋਜ਼ਾਨਾ ਵਰਤੋਂ ਦੀਆ ਚੀਜ਼ਾਂ ਦੀ ਵਧਦੀ ਕੀਮਤ ਨੇ ਆਮ ਆਦਮੀ ਦੀ ਹਾਲਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੀ ਹੈ।
ਪਾਕਿਸਤਾਨ 'ਚ ਮਹਿੰਗਾਈ 70 ਸਾਲਾਂ 'ਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਪਾਕਿਸਤਾਨ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਮਰਾਨ ਖਾਨ ਨੇ ਕਈ ਵਾਅਦੇ ਕੀਤੇ ਸਨ ਪਰ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਰਿਕਾਰਡ ਤੋੜ ਮਹਿੰਗਾਈ ਨੇ ਲੋਕਾਂ ਨੂੰ ਇਮਰਾਨ ਸਰਕਾਰ ਦੇ ਵਿਰੁੱਧ ਖੜ੍ਹਾ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਪਾਕਿਸਤਾਨ ਵਿਚ ਪੈਟਰੋਲ ਤੋਂ ਲੈ ਖੰਡ, ਦੁੱਧ ਅਤੇ ਆਟੇ ਸਮੇਤ ਕਈ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ ਜਿਸ ਕਾਰਨ ਸਥਾਨਕ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ। ਪੈਟਰੋਲ 150 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਰਿਹਾ ਹੈ, ਜਦਕਿ ਖੰਡ ਵੀ 100 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਇਸ ਦੇ ਨਾਲ ਹੀ 10 ਕਿਲੋ ਆਟਾ 720 ਰੁਪਏ, ਇੱਕ ਦਰਜਨ ਅੰਡੇ 141 ਰੁਪਏ, ਟਮਾਟਰ 80 ਰੁਪਏ ਕਿੱਲੋ, ਆਲੂ 55 ਅਤੇ ਪਿਆਜ਼ 52 ਰੁਪਏ ਪ੍ਰਤੀ ਕਿੱਲੋ ਨੂੰ ਪਹੁੰਚ ਗਿਆ ਹੈ। ਜਨਤਾ ਦਾ ਕਹਿਣਾ ਹੈ ਕਿ ਇਮਰਾਨ ਖਾਨ ਦੀ ਸਰਕਾਰ ਸਿਰਫ਼ ਅਮੀਰਾਂ ਲਈ ਹੈ।
ਪਾਕਿਸਤਾਨ 'ਚ ਖਾਣ-ਪੀਣ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ, ਜਦਕਿ ਘਿਓ, ਤੇਲ, ਆਟਾ ਅਤੇ ਮੀਤ ਦੀਆਂ ਕੀਮਤਾਂ ਇਤਿਹਾਸਕ ਪੱਧਰ 'ਤੇ ਪਹੁੰਚ ਗਈਆਂ ਹਨ। ਪਾਕਿਸਤਾਨ ਦੇ ਫੈਡਰਲ ਬਿਊਰੋ ਆਫ ਸਟੈਟਿਸਟਿਕਸ (FBS) ਦੇ ਅਨੁਸਾਰ ਅਕਤੂਬਰ 2018 ਤੋਂ ਅਕਤੂਬਰ 2021 ਤੱਕ ਬਿਜਲੀ ਦਰਾਂ ਵਿੱਚ 57 ਫ਼ੀਸਦੀ ਦਾ ਵਾਧਾ ਹੋਇਆ ਹੈ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।