Trump America Education News: ਡੋਨਾਲਡ ਟਰੰਪ ਨੇ ਅਮਰੀਕਾ ਦੇ ਸਿੱਖਿਆ ਵਿਭਾਗ ਨੂੰ ਕੀਤਾ ਖ਼ਤਮ, ਆਰਡਰ 'ਤੇ ਕੀਤੇ ਦਸਤਖ਼ਤ, ਮਚੀ ਹਲਚਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Trump America Education News: ਅਮਰੀਕਾ ਲੰਬੇ ਸਮੇਂ ਤੋਂ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਨਹੀਂ ਦੇ ਰਿਹਾ- ਟਰੰਪ

Trump America Education News

Trump America Education News:  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਵਿਵਾਦਿਤ ਅਤੇ ਵੱਡੇ-ਵੱਡੇ ਫ਼ੈਸਲਿਆਂ ਨੂੰ ਲੈ ਕੇ ਹਰ ਰੋਜ਼ ਸੁਰਖੀਆਂ 'ਚ ਬਣੇ ਰਹਿੰਦੇ ਹਨ। ਸੱਤਾ 'ਚ ਵਾਪਸੀ ਤੋਂ ਬਾਅਦ ਉਹ ਇਕ ਤੋਂ ਬਾਅਦ ਇਕ ਹੈਰਾਨ ਕਰਨ ਵਾਲੇ ਫ਼ੈਸਲੇ ਲੈ ਰਹੇ ਹਨ। ਹੁਣ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਸਿੱਖਿਆ ਵਿਭਾਗ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਹਲਚਲ ਮਚ ਗਈ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਸਿੱਖਿਆ ਵਿਭਾਗ ਨੂੰ ਬੰਦ ਕਰਨ ਦੇ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕਰ ਦਿੱਤੇ। ਦਸਤਖਤ ਕਰਨ ਤੋਂ ਬਾਅਦ ਟਰੰਪ ਨੇ ਕਿਹਾ ਕਿ ਅਮਰੀਕਾ ਲੰਬੇ ਸਮੇਂ ਤੋਂ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਸਿੱਖਿਆ 'ਤੇ ਸਭ ਤੋਂ ਵੱਧ ਖ਼ਰਚ ਕਰਦਾ ਹੈ ਪਰ ਜਦੋਂ ਸਫ਼ਲਤਾ ਦੀ ਗੱਲ ਆਉਂਦੀ ਹੈ ਤਾਂ ਇਹ ਦੇਸ਼ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਸਿੱਖਿਆ ਵਿਭਾਗ ਸੁਧਾਰਾਂ ਵਿੱਚ ਨਾਕਾਮ ਰਿਹਾ ਹੈ। ਹੁਣ ਇਹ ਹਮੇਸ਼ਾ ਲਈ ਖ਼ਤਮ ਹੋ ਜਾਵੇਗਾ।

ਹਾਲਾਂਕਿ, ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਅਪਾਹਜ ਬੱਚਿਆਂ ਲਈ ਗ੍ਰਾਂਟਾਂ ਅਤੇ ਫੰਡਿੰਗ ਵਰਗੇ ਮਹੱਤਵਪੂਰਨ ਪ੍ਰੋਗਰਾਮ ਜਾਰੀ ਰਹਿਣਗੇ। ਇਨ੍ਹਾਂ ਪ੍ਰੋਗਰਾਮਾਂ ਨੂੰ ਹੋਰ ਏਜੰਸੀਆਂ ਨੂੰ ਸੌਂਪਿਆ ਜਾਵੇਗਾ। ਟਰੰਪ ਨੇ ਭਾਸ਼ਣ ਦੌਰਾਨ ਅਮਰੀਕੀ ਅਧਿਆਪਕਾਂ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਧਿਆਨ ਰੱਖਿਆ ਜਾਵੇਗਾ।
ਟਰੰਪ ਦੇ ਹੁਕਮ 'ਤੇ ਦਸਤਖ਼ਤ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਨੇ ਇਕ ਬਿਆਨ ਜਾਰੀ ਕਰਕੇ ਇਸ ਨੂੰ ਇਤਿਹਾਸਕ ਦੱਸਿਆ ਹੈ।

ਵਿਭਾਗ ਨੇ ਕਿਹਾ- ਅਸੀਂ ਕਾਨੂੰਨ ਦੀ ਪਾਲਣਾ ਕਰਾਂਗੇ। ਸੰਸਦ ਅਤੇ ਰਾਜਾਂ ਨਾਲ ਮਿਲ ਕੇ ਅਸੀਂ ਨੌਕਰਸ਼ਾਹੀ ਨੂੰ ਖ਼ਤਮ ਕਰਾਂਗੇ। ਇਸ ਫ਼ੈਸਲੇ ਨਾਲ ਅਮਰੀਕੀ ਵਿਦਿਆਰਥੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੁਕਤੀ ਮਿਲੇਗੀ ਅਤੇ ਉਹ ਬਿਹਤਰ ਸਿੱਖਿਆ ਪ੍ਰਾਪਤ ਕਰ ਸਕਣਗੇ।

ਇਸ ਦੇ ਨਾਲ ਹੀ ਅਮਰੀਕੀ ਕੌਂਸਲ ਆਨ ਐਜੂਕੇਸ਼ਨ ਦੇ ਪ੍ਰਧਾਨ ਟੇਡ ਮਿਸ਼ੇਲ ਨੇ ਟਰੰਪ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਨੂੰ ‘ਸਿਆਸੀ ਡਰਾਮਾ’ ਕਰਾਰ ਦਿੰਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ ਫੰਡਾਂ ਵਿੱਚ ਕਮੀ ਆਵੇਗੀ ਜਿਸ ਨਾਲ ਵਿਭਾਗ ਵਿੱਚ ਸਟਾਫ਼ ਦੀ ਗਿਣਤੀ ਵਿੱਚ ਕਮੀ ਆਵੇਗੀ। ਇਸ ਨਾਲ ਦੇਸ਼ ਵਿੱਚ ਉੱਚ ਸਿੱਖਿਆ ਨੂੰ ਨੁਕਸਾਨ ਹੋਵੇਗਾ।