ਸਰੀ ਪੁਲਿਸ ਨੂੰ ਗੈਂਗਵਾਰ ਤੇ ਤਸਕਰੀ ’ਚ ਸ਼ਾਮਲ ਬਦਮਾਸ਼ਾਂ ਦੀ ਭਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਲਿਸ ਨੇ ਉਸ ਦੀ ਭਾਲ ਲਈ ਲੋਕਾਂ ਤੋਂ ਮਦਦ ਮੰਗਦੇ ਹੋਏ ਉਸ ਤੋਂ ਸੁਚੇਤ ਰਹਿਣ ਦੀ ਸਲਾਹ ਦਿਤੀ ਹੈ।

Surrey police search for gangsters and thugs involved in smuggling

ਸਰੀ: ਗ਼ੈਂਗਵਾਰ ਅਤੇ ਤਸਕਰੀ ਜਿਹੇ ਅਪਰਾਧਾਂ ਵਿਚ ਸ਼ਾਮਲ ਦੋ ਬਦਮਾਸ਼ਾਂ ਦੀ ਸਰੀ ਪੁਲਿਸ ਨੂੰ ਭਾਲ ਹੈ। ਇਸੇ ਕਰ ਕੇ ਸਰੀ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰਸੀਐਮਪੀ) ਨੇ ਕਈ ਕੇਸਾਂ ਵਿਚ ਲੋੜੀਂਦੇ ਗੈਂਗਸਟਰ ਨਸੀਮ ਮੁਹੰਮਦ ਦੀ ਭਾਲ ਲਈ ਇਕ ਵਾਰ ਫਿਰ ਲੋਕਾਂ ਦੀ ਮਦਦ ਮੰਗੀ ਹੈ, ਜੋ ਕਿ ਬ੍ਰਦਰਜ਼ ਕੀਪਰਸ ਗਰੋਹ ਦਾ ਮੈਂਬਰ ਹੈ।

ਸਰੀ ਆਰਸੀਐਮਪੀ ਦੀ ਅਧਿਕਾਰੀ ਕਾਰਪੋਰਲ ਵੈਨੇਸਾ ਮੁੰਨ ਨੇ ਕਿਹਾ ਕਿ 22 ਸਾਲਾ ਨਸੀਮ ਮੁਹੰਮਦ ਮੌਜੂਦਾ ਸਮੇਂ ਰਿਹਾਈ ਦੇ ਹੁਕਮਾਂ ਦੀ ਉਲੰਘਣਾ ਤੇ ਮਨਾਹੀ ਦੇ ਬਾਵਜੂਦ ਡਰਾਈਵਿੰਗ ਕਰਨ ਸਣੇ ਕਈ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਕੇਸਾਂ ਵਿਚ ਲੋੜੀਂਦਾ ਹੈ। ਮਹਿਲਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਨਸੀਮ ਹਾਲ ਹੀ ’ਚ ਲੋਅਰ ਮੇਨਲੈਂਡ ਵਿਚ ਹੋਈ ਗੈਂਗਵਾਰ ’ਚ ਵੀ ਸ਼ਾਮਲ ਹੈ ਤੇ ਉਸ ’ਤੇ ਪਹਿਲਾਂ ਨਸ਼ਾ ਤਸਕਰੀ ਕਰਨ ਦੇ ਦੋਸ਼ ਵੀ ਲੱਗ ਚੁੱਕੇ ਹਨ। ਇਸ ਲਈ ਪੁਲਿਸ ਨੇ ਉਸ ਦੀ ਭਾਲ ਲਈ ਲੋਕਾਂ ਤੋਂ ਮਦਦ ਮੰਗਦੇ ਹੋਏ ਉਸ ਤੋਂ ਸੁਚੇਤ ਰਹਿਣ ਦੀ ਸਲਾਹ ਦਿਤੀ ਹੈ।

ਜਨਵਰੀ ਮਹੀਨੇ ਵਿੱਚ ਸਰੀ ਆਰਸੀਐਮਪੀ ਨੂੰ ਜਾਣਕਾਰੀ ਮਿਲੀ ਸੀ ਕਿ ਨਸੀਮ ਮੁਹੰਮਦ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋ ਗਿਆ ਹੈ, ਪਰ ਮੌਜੂਦਾ ਸਮੇਂ ਉਸ ਦੇ ਟਿਕਾਣੇ ਦਾ ਕੋਈ ਪਤਾ ਨਹੀਂ ਲੱਗ ਰਿਹਾ। ਨਸੀਮ ਮੁਹੰਮਦ ਸੋਮਾਲੀਅਨ ਮੂਲ ਦਾ 22 ਸਾਲਾ ਨੌਜਵਾਨ ਹੈ, ਜਿਸ ਦੀ ਲੰਬਾਈ 5 ਫੁੱਟ 5 ਇੰਚ ਹੈ। ਉਸ ਦਾ ਸਰੀਰ ਦਰਮਿਆਨਾ, ਕਾਲ਼ੇ ਵਾਲ਼ ਤੇ ਭੂਰੀਆਂ ਅੱਖਾਂ ਹਨ।

ਸਰੀ ਆਰਸੀਐਮਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਨਸੀਮ ਮੁਹੰਮਦ ਕਿਤੇ ਵੀ ਦਿਖਾਈ ਦਿੰਦਾ ਹੈ ਤਾਂ ਉਹ ਤੁਰੰਤ 911 ਨੰਬਰ ’ਤੇ ਕਾਲ ਕਰੇ। ਇਸ ਤੋਂ ਇਲਾਵਾ ਜੇਕਰ ਕਿਸੇ ਕੋਲ ਨਸੀਮ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਫੋਨ ਨੰਬਰ 604-599-0502 ’ਤੇ ਕਾਲ ਕਰ ਸਕਦਾ ਹੈ। ਸਰੀ ਆਰਸੀਐਮਪੀ ਨੇ ਇਸ ਤੋਂ ਪਹਿਲਾਂ 2020 ਦੇ ਨਵੰਬਰ ਮਹੀਨੇ ਵਿੱਚ ਨਸੀਮ ਮੁਹੰਮਦ ਦੇ ਵਾਰੰਟ ਜਾਰੀ ਕੀਤੇ ਸਨ। ਹੁਣ ਜੁਲਾਈ ਮਹੀਨੇ ਵਿੱਚ ਫਿਰ ਤੋਂ ਵਾਰੰਟ ਜਾਰੀ ਕੀਤੇ ਜਾਣਗੇ।