Indian students in Canada: ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੇ ਰੋਸ ਮੁਜ਼ਾਹਰੇ ਜਾਰੀ
ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ’ਤੇ ਲਟਕ ਰਹੀ ਡੀਪੋਰਟੇਸ਼ਨ ਦੀ ਤਲਵਾਰ
Indian students in Canada: ਕੈਨੇਡੀਅਨ ਸੂਬੇ ਪ੍ਰਿੰਸ ਐਡਵਰਡ ਆਈਲੈਂਡ ’ਚ ਪਿਛਲੇ ਕਈ ਦਿਨਾਂ ਤੋਂ ਸੈਂਕੜੇ ਭਾਰਤੀ ਵਿਦਿਆਰਥੀ ਰੋਸ ਮੁਜ਼ਾਹਰੇ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਹੁਣ ਇਸ ਦੇਸ਼ ’ਚੋਂ ਡੀਪੋਰਟ ਕਰ ਕੇ ਭਾਰਤ ਵਾਪਸ ਭੇਜਣ ਦਾ ਖ਼ਦਸ਼ਾ ਪੈਦਾ ਹੁੰਦਾ ਜਾ ਰਿਹਾ ਹੈ।
ਦਰਅਸਲ, ਇਸ ਸੂਬੇ ਦੇ ਇਮੀਗ੍ਰੇਸ਼ਨ ਨਿਯਮ ਅਚਾਨਕ ਹੀ ਤਬਦੀਲ ਕਰ ਦਿਤੇ ਗਏ ਹਨ, ਜਿਸ ਤੋਂ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀ ਖ਼ਫ਼ਾ ਹਨ। ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੈਨੇਡਾ ’ਚ ਹੋ ਰਹੀਆਂ ਅਜਿਹੀਆਂ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਵਿਦਿਆਰਥੀਆਂ ਦੇ ਰੋਸ ਮੁਜ਼ਾਹਰੇ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਜਾਰੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਪਣੇ ਅਧਿਕਾਰਾਂ ਲਈ ਲਗਾਤਾਰ ਲੜਦੇ ਰਹਿਣਗੇ ਕਿਉਂਕਿ ਇਸ ਵੇਲੇ ਉਨ੍ਹਾਂ ਲਈ ‘ਹੁਣੇ-ਜਾਂ-ਕਦੇ ਵੀ ਨਹੀਂ’ ਵਾਲੀ ਸਥਿਤੀ ਬਣੀ ਹੋਈ ਹੈ। ਇਥੇ ਵਰਨਣਯੋਗ ਹੈ ਕਿ ਵਡੀ ਗਿਣਤੀ ’ਚ ਭਾਰਤੀ ਵਿਦਿਆਰਥੀ, ਜਿਨ੍ਹਾਂ ’ਚ ਪੰਜਾਬ ਹਮੇਸ਼ਾ ਬਹੁਤਾਤ ’ਚ ਰਹੇ ਹਨ, ਉਚੇਰੀ ਸਿਖਿਆ ਲਈ ਕੈਨੇਡਾ ਗਏ ਹੋਏ ਹਨ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਬੀਤੇ ਦਿਨੀਂ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਪਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਕੋਲ ਕੈਨੇਡਾ ਦੇ ਵਿਦਿਆਰਥੀਆਂ ਬਾਰੇ ਕੋਈ ਤਾਜ਼ਾ ਅਪਡੇਟ ਨਹੀਂ ਹੈ। ਕਿਤੇ ਕੋਈ ਇਕ-ਅਧਾ ਮਾਮਲਾ ਅਜਿਹਾ ਹੋਵੇਗਾ, ਜਿਥੇ ਵਿਦਿਆਰਥੀ ਰੋਸ ਮੁਜ਼ਾਹਰਾ ਕਰ ਰਹੇ ਹੋਣਗੇ। ‘ਜਿਥੋਂ ਤਕ ਕੈਨੇਡਾ ’ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦਾ ਸੁਆਲ ਹੈ, ਉਨ੍ਹਾਂ ਨੂੰ ਕਿਤੇ ਕੋਈ ਸਮੱਸਿਆ ਨਹੀਂ ਹੈ।’
(For more Punjabi news apart from Protests by Indian students continue in Canada, stay tuned to Rozana Spokesman)