ਸਿੱਖ ਯੋਧਿਆਂ ਦੀ ਯਾਦ 'ਚ 'ਵਿਸ਼ਵ ਜੰਗ ਦੇ ਸ਼ੇਰ' ਯਾਦਗਾਰ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਹਿਲੀ ਵਿਸ਼ਵ ਜੰਗ 'ਚ ਹਿੱਸਾ ਲੈਣ ਵਾਲੇ ਸਿੱਖ ਯੋਧਿਆਂ ਦੀ ਯਾਦ 'ਚ ਸਮੈਦਿਕ ਬਰਮਿੰਘਮ ਵਿਖੇ ਸਿੱਖ ਸਿਪਾਹੀ ਦਾ 10 ਫ਼ੁਟ ਉੱਚਾ ਕਾਂਸੀ ਦਾ ਬੁੱਤ ਲਗਾ ਕੇ ਸਿੱਖ ਸਿ...

Leaders Taking Statue

ਬਰਮਿੰਘਮ,ਪਹਿਲੀ ਵਿਸ਼ਵ ਜੰਗ 'ਚ ਹਿੱਸਾ ਲੈਣ ਵਾਲੇ ਸਿੱਖ ਯੋਧਿਆਂ ਦੀ ਯਾਦ 'ਚ ਸਮੈਦਿਕ ਬਰਮਿੰਘਮ ਵਿਖੇ ਸਿੱਖ ਸਿਪਾਹੀ ਦਾ 10 ਫ਼ੁਟ ਉੱਚਾ ਕਾਂਸੀ ਦਾ ਬੁੱਤ ਲਗਾ ਕੇ ਸਿੱਖ ਸਿਪਾਹੀਆਂ ਦੀ ਯਾਦਗਾਰ ਉਸਾਰੀ ਜਾ ਰਹੀ ਹੈ, ਜਿਸ ਦਾ ਉਦਘਾਟਨ ਅੱਜ ਕੀਤਾ ਗਿਆ। ਇਹ ਯਾਦਗਾਰ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿਚ ਹਿੱਸਾ ਲੈਣ ਵਾਲੇ ਸਿੱਖ ਸਿਪਾਹੀਆਂ ਨੂੰ ਸਮਰਪਤ ਹੋਵੇਗੀ।

ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿਚ ਹਿੱਸਾ ਲੈਣ ਵਾਲੇ ਸਿੱਖ ਸਿਪਾਹੀਆਂ ਦੀ ਯਾਦ ਨੂੰ ਸਮਰਪਤ ਇਸ ਯਾਦਗਾਰ ਵਿਚ 10 ਫ਼ੁਟ ਉੱਚਾ ਕਾਂਸੀ ਦਾ ਬੁੱਤ ਲਗਾਇਆ ਜਾ ਰਿਹਾ ਹੈ। ਬਲੈਕ ਕੰਟਰੀ ਦੇ ਮਹਾਨ ਬੁੱਤ ਤਰਾਸ਼ ਲਿਊਕ ਪੈਰੀ ਵਲੋਂ ਸਿੱਖ ਸਿਪਾਹੀ ਦਾ ਬੁੱਤ ਤਿਆਰ ਕੀਤਾ ਜਾਵੇਗਾ। ਦੋਵੇਂ ਵਿਸ਼ਵ ਯੁੱਧਾਂ ਵਿਚ ਬ੍ਰਿਟਿਸ਼ ਫ਼ੌਜ ਲਈ ਲੜਦਿਆਂ ਲੱਖਾਂ ਭਾਰਤੀ ਸਿਪਾਹੀਆਂ ਨੇ ਜਾਨਾਂ ਵਾਰੀਆਂ ਸਨ।

ਸੈਂਡਵਿਲ ਕੌਂਸਲ ਅਤੇ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਦੇ ਸਹਿਯੋਗ ਨਾਲ ਹਾਈ ਸਟਰੀਟ ਅਤੇ ਟੋਲਹਾਊਸ ਵੇਅ ਵਿਚਕਾਰਲੀ ਜਗ੍ਹਾ 'ਤੇ ਇਹ ਬੁੱਤ ਲਗਾਇਆ ਜਾਵੇਗਾ, ਜਿਥੇ ਲੋਕਾਂ ਦੇ ਬੈਠਣ ਦਾ ਪ੍ਰਬੰਧ ਕਰਨ ਤੋਂ ਇਲਾਵਾ ਇਸ ਦਾ ਸੁੰਦਰੀਕਰਨ ਵੀ ਕੀਤਾ ਜਾਵੇਗਾ। ਇਸ ਬੁੱਤ ਦੇ ਨਾਲ ਇਸ ਦੀ ਮਹੱਤਤਾ ਦਾ ਇਤਿਹਾਸ ਵੀ ਅੰਕਿਤ ਕੀਤਾ ਜਾਵੇਗਾ।

ਸਮੈਦਿਕ ਗੁਰੂ ਘਰ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਦਸਿਆ ਕਿ ਕੌਂਸਲ ਵਲੋਂ ਇਸ ਕਾਰਜ ਲਈ ਜਗ੍ਹਾ ਦਿਤੀ ਜਾ ਰਹੀ ਹੈ, ਉਥੇ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਲੋਂ ਬੁੱਤ ਬਣਾਉਣ ਅਤੇ ਲਗਾਉਣ ਦਾ ਸਾਰਾ ਖ਼ਰਚਾ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਉਨ੍ਹਾਂ ਯੋਧਿਆਂ ਨੂੰ ਯਾਦ ਕਰ ਰਹੇ ਹਾਂ

ਜਿਨ੍ਹਾਂ ਹਜ਼ਾਰਾਂ ਮੀਲ ਦੂਰ ਆ ਕੇ ਉਨ੍ਹਾਂ ਲੋਕਾਂ ਲਈ ਕੁਰਬਾਨੀਆਂ ਕੀਤੀਆਂ, ਜੋ ਉਨ੍ਹਾਂ ਦੇ ਨਹੀਂ ਸਨ।  ਆਲ ਪਾਰਲੀਮੈਂਟਰੀ ਗਰੁੱਪ ਫ਼ਾਰ ਸਿੱਖਜ਼ ਦੀ ਚੇਅਰਪਰਸਨ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸੈਂਡਵੈਲ ਵਿਚ ਇਹ ਇਤਿਹਾਸਕ ਬੁੱਤ ਲੱਗਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਵੱਡੀ ਗਿਣਤੀ 'ਚ ਸਿੱਖ ਹਾਜ਼ਰ ਸਨ।