ਅਮਰੀਕੀ ਏਅਰ ਫੋਰਸ 'ਚ ਭਰਤੀ ਹੋਇਆ ਪੰਜਾਬ ਦਾ ਚਮਨਪ੍ਰੀਤ ਸਿੰਘ ਮੰਡਾ
ਚਮਨਪ੍ਰੀਤ ਸਿੰਘ ਮੰਡਾ ਸੈਕਿੰਡ ਲੈਫਟੀਨੈਂਟ ਵਜੋਂ ਸ਼ੁਰੂ ਕਰਨਗੇ ਪਾਇਲਟ ਦੀ ਸਿਖਲਾਈ
ਕਪੂਰਥਲਾ ਦੇ ਬੇਗੋਵਾਲ ਦਾ ਰਹਿਣ ਵਾਲਾ ਹੈ ਨੌਜਵਾਨ
ਬੇਗੋਵਾਲ : ਦੇਸ਼-ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਦਰਅਸਲ ਅਮਰੀਕਾ ਵਿਚ ਰਹਿੰਦਾ ਪੰਜਾਬੀ ਨੌਜਵਾਨ ਚਮਨਪ੍ਰੀਤ ਸਿੰਘ ਮੰਡਾ ਹਾਲ ਹੀ ਵਿਚ ਅਮਰੀਕਾ ਦੀ ਏਅਰ ਫੋਰਸ ਵਿਚ ਭਰਤੀ ਹੋਇਆ ਹੈ।
ਮੰਡਾ ਹੁਣ ਟੈਕਸਾਸ ਵਿਚ ਸੈਕਿੰਡ ਲੈਫਟੀਨੈਂਟ ਵਜੋਂ ਪਾਇਲਟ ਦੀ ਸਿਖਲਾਈ ਸ਼ੁਰੂ ਕਰਨ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਚਮਨਪ੍ਰੀਤ ਸਿੰਘ ਮੰਡਾ ਦਾ ਪਰਿਵਾਰ ਕਰੀਬ 25 ਸਾਲ ਪਹਿਲਾਂ ਅਮਰੀਕਾ ਦੇ ਮੁੱਖ ਸ਼ਹਿਰ ਨਿਊਯਾਰਕ ਵਿਚ ਜਾ ਵਸਿਆ ਸੀ।
ਚਮਨਪ੍ਰੀਤ ਸਿੰਘ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਦੀ ਏਅਰ ਫੋਰਸ ਵਿੱਚ ਜਾਣ ਦਾ ਮਨ ਬਣਾਇਆ ਜਿਸ ਲਈ ਉਸ ਨੇ ਸੰਯੁਕਤ ਰਾਜ ਦੀ ਏਅਰ ਫੋਰਸ ਅਕੈਡਮੀ ਵਿੱਚ ਸਿਸਟਮ ਇੰਜੀਨੀਅਰਿੰਗ ਵਿੱਚ ਵਿਗਿਆਨ ਦੀ ਬੈਚੂਲਰ ਡਿਗਰੀ ਪ੍ਰਾਪਤ ਕੀਤੀ। ਹੁਣ ਉਨ੍ਹਾਂ ਦੀ ਕੀਤੀ ਮਿਹਨਤ ਨੂੰ ਬੂਰ ਪਿਆ ਅਤੇ ਉਹ ਅਮਰੀਕਾ ਦੀ ਏਅਰ ਫੋਰਸ ਵਿਚ ਭਰਤੀ ਹੋਏ ਹਨ। ਇਸ ਮੌਕੇ ਉਨ੍ਹਾਂ ਦੇ ਪਿਤਾ ਹਰਜਿੰਦਰ ਸਿੰਘ ਪਿੰਕਾ ਮੰਡਾ ਨੇ ਦੱਸਿਆ ਕਿ ਪੁੱਤਰ ਦੀ ਇਸ ਪ੍ਰਾਪਤੀ 'ਤੇ ਉਹ ਬਹੁਤ ਖੁਸ਼ ਹਨ।