ਕੈਨੇਡਾ : ਪੁਲਿਸ ਨੂੰ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਿਪੋਰਟ ਮੁਤਾਬਕ ਐਮਰਜੈਂਸੀ ਸਰਵਿਸ ਕਾਮਿਆਂ ਨੇ ਇਲਾਕੇ ਦੀ ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਉਥੋਂ ਲਾਸ਼ ਬਰਾਮਦ ਹੋਈ।

Canada: Police found the body of a missing Indian student

ਟੋਰਾਂਟੋ - ਕੈਨੇਡਾ ਪੁਲਿਸ ਨੇ ਮੈਨੀਟੋਬਾ ਸੂਬੇ ਵਿਚ ਨਦੀ ਕੰਢਿਓਂ ਇਕ ਲਾਸ਼ ਬਰਾਮਦ ਕੀਤੀ ਹੈ, ਜੋ ਗੁਜਰਾਤ ਨਾਲ ਸਬੰਧਤ ਭਾਰਤੀ ਵਿਦਿਆਰਥੀ ਦੀ ਦੱਸੀ ਜਾ ਰਹੀ ਹੈ। ਇਹ 20 ਸਾਲਾ ਵਿਦਿਆਰਥੀ ਪਿਛਲੇ ਇਕ ਹਫ਼ਤੇ ਤੋਂ ਲਾਪਤਾ ਸੀ। ਸੀਬੀਸੀ ਨਿਊਜ਼ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਲਾਸ਼ ਮੈਨੀਟੋਬਾ ਸੂਬੇ ਵਿਚ ਬਰੈਂਡਨ ਸ਼ਹਿਰ ਤੋਂ ਪੂਰਬ ਵੱਲ ਅਸਨੀਬੋਇਨ ਨਦੀ ਤੇ ਹਾਈਵੇਅ 100 ਬਰਿੱਜ ਨੇੜਿਓਂ ਮਿਲੀ ਸੀ।

ਵਿਦਿਆਰਥੀ ਦੀ ਪਛਾਣ ਵਿਸ਼ੇ ਪਟੇਲ ਵਜੋਂ ਹੋਈ ਹੈ ਤੇ ਪਰਿਵਾਰਕ ਮੈਂਬਰਾਂ ਨੇ ਸ਼ਨਿੱਚਰਵਾਰ ਸਵੇਰੇ ਬਰੈਂਡਨ ਪੁਲਿਸ ਕੋਲ ਉਸ ਦੀ ਗੁੰਮਸ਼ੁਦਗੀ ਸਬੰਧੀ ਰਿਪੋਰਟ ਲਿਖਵਾਈ ਸੀ। ਪਟੇਲ ਪਰਿਵਾਰ ਦੇ ਮੈਂਬਰਾਂ ਨੂੰ ਐਤਵਾਰ ਸ਼ਾਮ ਨੂੰ ਨਦੀ ਤੇ ਹਾਈਵੇਅ ਬਰਿੱਜ ਨੇੜਿਓਂ ਕੁਝ ਕੱਪੜੇ ਮਿਲੇ ਸਨ। ਰਿਪੋਰਟ ਮੁਤਾਬਕ ਐਮਰਜੈਂਸੀ ਸਰਵਿਸ ਕਾਮਿਆਂ ਨੇ ਇਲਾਕੇ ਦੀ ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਉਥੋਂ ਲਾਸ਼ ਬਰਾਮਦ ਹੋਈ।

ਦਿ ਬਰੈਂਡਨ ਸਨ ਅਖ਼ਬਾਰ ਨੇ ਸੀਨੀਅਰ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ‘ਅਸਨੀਬੋਇਨ ਨਦੀ ਨੇੜਿਓਂ ਲਾਸ਼ ਬਰਾਮਦ ਹੋਈ ਹੈ ਤੇ ਟੀਮ ਦਾ ਮੰਨਣਾ ਹੈ ਕਿ ਇਹ ਵਿਸ਼ੇ ਪਟੇਲ ਦੀ ਹੈ, ਜੋ ਅਸਨੀਬੋਇਨ ਕਮਿਊਨਿਟੀ ਕਾਲਜ ਵਿੱਚ ਵਿਦਿਆਰਥੀ ਸੀ ਤੇ ਸ਼ੁੱਕਰਵਾਰ ਸਵੇਰ ਤੋਂ ਲਾਪਤਾ ਸੀ।’’ ਰਿਪੋਰਟ ਵਿਚ ਕਿਹਾ ਗਿਆ ਕਿ ਘਰ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਮੁਤਾਬਕ ਪਟੇਲ ਸਲੇਟੀ ਰੰਗ ਦੀ ਹੌਂਡਾ ਸਿਵਿਕ ਕਾਰ ਵਿਚ ਘਰੋਂ ਨਿਕਲਿਆ ਸੀ।