'ਰੂਸ ਨੂੰ ਅਮਰੀਕੀ ਨਾਗਰਿਕਾਂ ਤੋਂ ਪੁਛਗਿੱਛ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ ਟਰੰਪ ਪ੍ਰਸ਼ਾਸਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਉ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਰੂਸ ਨੂੰ ਕਿਸੇ ਵੀ ਅਮਰੀਕੀ ਨਾਗਰਿਕ ਤੋਂ ਪੁਛਗਿੱਛ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਪੋਂਪਿਉ ਨੇ ...

Mike Pompeo

ਵਾਸ਼ਿੰਗਟਨ,ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਉ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਰੂਸ ਨੂੰ ਕਿਸੇ ਵੀ ਅਮਰੀਕੀ ਨਾਗਰਿਕ ਤੋਂ ਪੁਛਗਿੱਛ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਪੋਂਪਿਉ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਸਾਲ 2016 ਦੀ ਰਾਸ਼ਟਰਪਤੀ ਚੋਣ ਵਿਚ ਰੂਸੀ ਦਖ਼ਲ ਦੀ ਜਾਂਚ ਦੇ ਸਬੰਧ ਵਿਚ ਅਮਰੀਕਾ ਉਨ੍ਹਾਂ ਦੀ ਅਜਿਹੀ ਕਿਸੇ ਵੀ ਅਪੀਲ ਨੂੰ ਸਵੀਕਾਰ ਕਰੇਗਾ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹੇਲਸਿੰਕੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਾਂਝੇ ਤੌਰ 'ਤੇ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦਿਆਂ ਪ੍ਰਸਤਾਵ ਰਖਿਆ ਸੀ ਕਿ ਜੇ ਅਮਰੀਕਾ ਅਪਣੇ ਕੁੱਝ ਲੋਕਾਂ ਤੋਂ ਪੁਛਗਿੱਛ ਕਰਨ ਦੀ ਇਜਾਜ਼ਤ ਰੂਸ ਨੂੰ ਦਿੰਦਾ ਹੈ ਤਾਂ ਅਜਿਹੀ ਸਥਿਤੀ ਵਿਚ ਵਿਸ਼ੇਸ਼ ਵਕੀਲ ਰੌਬਰਟ ਮੂਲਰ ਦੀ ਟੀਮ ਮਾਮਲੇ ਵਿਚ ਦੋਸ਼ੀ ਬਣਾਏ ਗਏ 12 ਰੂਸੀ ਏਜੰਟਾਂ ਨਾਲ ਗੱਲਬਾਤ ਕਰਨ ਰੂਸ ਆ ਸਕਦੀ ਹੈ।

ਰੂਸ ਅਮਰੀਕਾ ਦੇ ਜਿਹੜੇ ਅਧਿਕਾਰੀਆਂ ਤੋਂ ਪੁਛਗਿੱਛ ਕਰਨਾ ਚਾਹੁੰਦਾ ਹੈ ਉਨ੍ਹਾਂ ਵਿਚ ਜਨਵਰੀ 2012 ਤੋਂ ਫ਼ਰਵਰੀ 2014 ਤਕ ਰੂਸ ਵਿਚ ਅਮਰੀਕਾ ਦੇ ਰਾਜਦੂਤ ਰਹੇ ਮਿਚੇਲ ਮੈਕਫ਼ਾਲ ਅਤੇ ਰੂਸ ਵਿਰੁਧ ਨਵੀਆਂ ਪਾਬੰਦੀਆਂ ਨੂੰ ਲੈ ਕੇ ਅਮਰੀਕੀ ਸਰਕਾਰ ਲਈ ਲਾਬਿੰਗ ਕਰਨ ਵਾਲੇ ਨਿਵੇਸ਼ਕ ਬਿਲ ਬ੍ਰੋਡਰ ਸ਼ਾਮਲ ਹਨ। ਪੁਤਿਨ ਵਲੋਂ ਇਹ ਪ੍ਰਸਤਾਵ ਰੱਖੇ ਜਾਣ ਮਗਰੋਂ ਹੀ ਅਮਰੀਕਾ ਵਿਚ ਇਸ ਨੂੰ ਲੈ ਕੇ ਤਿੱਖੀ ਬਹਿਸ ਚੱਲ ਰਹੀ ਹੈ।         (ਪੀ.ਟੀ.ਆਈ)