ਅਮਰੀਕੀ ਸਾਂਸਦਾਂ ਵਲੋਂ ਚੀਨ ਨੂੰ ਭਾਰਤ ਨਾਲ ਤਣਾਅ ਘੱਟ ਕਰਨ ਦੀ ਅਪੀਲ ਸਬੰਧੀ ਪ੍ਰਸਤਾਵ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ, ਹਮਲਾਵਰ ਹੋ ਕੇ ਸਰਹੱਦਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹੈ ਚੀਨ

File Photo

ਵਾਸ਼ਿੰਗਟਨ, 20 ਜੁਲਾਈ : ਅਮਰੀਕਾ ਵਿਚ 9 ਪ੍ਰਭਾਵਸ਼ਾਲੀ ਸਾਂਸਦਾਂ ਨੇ ਭਾਰਤ ਵਿਰੁਧ ਚੀਨ ਦੀ ਹਾਲੀਆ ਹਿੰਸਕ ਫ਼ੌਜੀ ਕਾਰਵਾਈ ’ਤੇ ਚਿੰਤਾ ਜਤਾਉਂਦੇ ਹੋਏ ਪ੍ਰਤੀਨਿਧ ਸਭਾ ਵਿਚ ਇਕ ਬਿਲ ਪੇਸ਼ ਕੀਤਾ ਹੈ, ਜਿਸ ਵਿਚ ਚੀਨ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਜ਼ੋਰ ਦੀ ਬਜਾਏ ਮੌਜੂਦਾ ਡਿਪਲੋਮੈਟਿਕ ਤੰਤਰ ਰਾਹੀਂ ਸਰਹੱਦ ’ਤੇ ਤਨਾਅ ਨੂੰ ਘੱਟ ਕਰਨ ਲਈ ਕੰਮ ਕਰੇ।

ਭਾਰਤੀ ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਮੂਰਤੀ ਦੀ ਅਗਵਾਈ ਵਿਚ ਭਾਰਤੀ ਅਮਰੀਕੀ ਸਾਂਸਦ ਰੋ ਖੰਨਾ, ਸਾਂਸਦਾਂ ਫ਼ੈਂਕ ਪੈਲੋਨੇ, ਟੋਸੁਓਜ਼ੀ, ਟੇਡ ਯੋਹੋ, ਜਾਰਜ ਹੋਲਡਿੰਗ, ਸ਼ੀਲਾ ਜੈਕਸਨ ਲੀ, ਹੈਲੀ ਸਟੀਵਨਜ਼ ਅਤੇ ਸਟੀਵ ਚਾਬੋਟ ਨੇ ਪ੍ਰਸਤਾਵ ਪੇਸ਼ ਕੀਤਾ। ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਅਸਲ ਸਰਹਦੀ ਰੇਖਾ ਕੋਲ 15 ਜੂਨ ਤਕ ਕਈ ਮਹੀਨੇ ਪਹਿਲਾਂ ਤੋਂ ਚੀਨੀ ਫ਼ੌਜੀ ਬਲਾਂ ਨੇ ਕਥਿਤ ਰੂਪ ’ਚ 5000  ਫ਼ੌਜੀਆਂ ਨੂੰ ਇਕੱਠਾ ਕੀਤਾ ਅਤੇ ਉਹ ਬਲ ਪ੍ਰਯੋਗ ਅਤੇ ਹਮਲਾਵਰ ਹੋ ਕੇ ਉਨ੍ਹਾਂ ਸਰਹੱਦਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ

ਜੋ ਕਾਫੀ ਸਮਾਂ ਪਹਿਲਾਂ ਹੀ ਤੈਅ ਕੀਤੀਆਂ ਜਾ ਚੁਕੀਆਂ ਹਨ। ਪ੍ਰਸਤਾਵ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਅਸਲ ਸਰਹੱਦੀ ਰੇਖਾ ਨੇੜੇ ਤਣਾਅ ਘੱਟ ਕਰਨ ਅਤੇ ਸੁਰੱਖਿਆ ਬਲਾਂ ਦੇ ਪਿੱਛੇ ਹਟਣ ਨੂੰ ਲੈ ਕੇ ਸਹਿਮਤੀ ਬਣ ਗਈ ਹੈ।  ਇਸ ਵਿਚ ਕਿਹਾ ਗਿਆ ਹੈ ਕਿ ਪੂਰਬੀ ਲਦਾਖ਼ ਵਿਚ ਕਈ ਹਫ਼ਤੇ ਚਲੇ ਟਕਰਾਅ ਤੋਂ ਬਾਅਦ ਹੋਏ 15 ਜੂਨ ਨੂੰ ਹੋਏ ਹਿੰਸਕ ਟਕਰਾਅ ਵਿਚ 20 ਭਾਰਤੀ ਜਵਾਨਾਂ ਦੀ ਜਾਨ ਚਲੀ ਗਈ ਅਤੇ ਅਪੁਸ਼ਟ ਗਿਣਤੀ ਵਿਚ ਚੀਨੀ ਫ਼ੌਜੀ ਵੀ ਮਾਰੇ ਗਏ।

ਪ੍ਰਸਤਾਵ ਵਿਚ ਕਿਹਾ ਗਿਆ ਹੈ,‘‘ਚੀਨੀ ਸਰਕਾਰ ਨੂੰ ਭਾਰਤ ਨਾਲ ਲਗਦੀ ਅਸਲ ਸਰਹੱਦੀ ਰੇਖਾ ’ਤੇ ਤਣਾਅ ਘੱਟ ਕਰਨ ਦੀ ਦਿਸ਼ਾ ਵਿਚ ਬਲ ਪ੍ਰਯੋਗ ਕਰਨ ਦੀ ਬਜਾਏ ਮੌਜੂਦਾ ਡਿਪਲੋਮੈਟਿਕ ਤੰਤਰ ਰਾਹੀਂ ਕੰਮ ਕਰਨਾ ਚਾਹੀਦਾ ਹੈ।’’ ਇਸ ਤੋਂ ਕੁਝ ਹੀ ਦਿਨ ਪਹਿਲਾਂ ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸੰਸਦੀ ਸਮੂਹ ਨੇ ਕਿਹਾ ਸੀ ਕਿ ਚੀਨ ਸਰਹੱਦ ’ਤੇ ਮੌਜੂਦਾ ਸਥਿਤੀ ਬਦਲਣ ਅਤੇ ਭਾਰਤੀ ਫ਼ੌਜ ਨੂੰ ਚੁਨੌਤੀ ਦੇਣ ਲਈ ਉਸ ਨਾਲ ਸਮਝੌਤੇ ਦੇ ਉਲਟ ਕੰਮ ਕਰ ਰਿਹਾ ਹੈ ਅਤੇ ਉਸ ਨੇ ਉਮੀਦ ਜਤਾਈ ਸੀ ਕਿ ਬੀਜਿੰਗ ਅਸਲ ਸਰਹੱਦੀ ਰੇਖਾ ’ਤੇ ਲੋੜੋਂ ਵੱਧ ਹਥਿਆਰਾਂ ਅਤੇ ਬੁੁਨਿਆਦੀ ਢਾਂਚੇ ਨੂੰ ਘੱਟ ਕਰੇਗਾ। (ਪੀਟੀਆਈ)