ਕਰੋਨਾ ਵਾਇਰਸ: ਦੁਨੀਆ ਦਾ ਭਰੋਸਾ ਜਿੱਤਣ 'ਚ ਕਾਮਯਾਬ ਹੋ ਸਕੇਗੀ ਰੂਸੀ ਵੈਕਸੀਨ, ਚੁਕਿਆ ਵੱਡਾ ਕਦਮ!

ਏਜੰਸੀ

ਖ਼ਬਰਾਂ, ਕੌਮਾਂਤਰੀ

ਹੁਣ 40 ਹਜ਼ਾਰ ਲੋਕਾਂ 'ਤੇ ਕੀਤਾ ਜਾਵੇਗਾ ਟਰਾਇਲ

Corona vaccine

ਮਾਸਕੋ : ਕਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਭਰ ਅੰਦਰ ਜਾਰੀ ਹੈ। ਦੁਨੀਆ ਭਰ ਦੇ ਦੇਸ਼ ਕਰੋਨਾ ਦਾ ਤੋੜ ਲੱਭਣ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ। ਕੁੱਝ ਦੇਸ਼ਾਂ ਵਲੋਂ ਕਰੋਨਾ ਵੈਕਸੀਨ ਬਣਾਉਣ ਦੇ ਨੇੜੇ ਢੁੱਕਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸੇ ਦੌਰਾਨ ਰੂਸ ਨੇ ਸਭ ਤੋਂ ਪਹਿਲਾਂ ਕਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕਰਦਿਆਂ ਇਸ ਦੀ ਅਪਣੇ ਦੇਸ਼ ਅੰਦਰ ਮਨੁੱਖਾਂ 'ਤੇ ਵਰਤੋਂ ਨੂੰ ਮਨਜ਼ੂਰੀ ਦੇ ਦਿਤੀ ਹੈ। ਪਰ ਉਸ ਦੀ ਜਲਦਬਾਜ਼ੀ 'ਤੇ ਭਰੋਸਾ ਕਰਨ ਨੂੰ ਦੁਨੀਆਂ ਤਿਆਰ ਨਹੀਂ ਹੋਈ।

ਵਿਵਾਦ ਵਧਣ ਤੋਂ ਬਾਅਦ ਹੁਣ ਰੂਸ ਨੇ ਦੁਨੀਆ ਦਾ ਭਰੋਸਾ ਜਿੱਤਣ ਲਈ ਵੱਡਾ ਕਦਮ ਚੁਕਿਆ ਹੈ। ਰੂਸ ਨੇ ਵੈਕਸੀਨ ਦੀ ਜਾਂਚ ਲਈ ਹੁਣ 40 ਹਜ਼ਾਰ ਲੋਕਾਂ 'ਤੇ ਟਰਾਇਲ ਦਾ ਫ਼ੈਸਲਾ ਕੀਤਾ ਹੈ। ਇਹ ਟਰਾਇਲ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਫੋਨਟਾਂਕਾ (Fontanka) ਨਿਊਜ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਸਿਰਫ਼ 38 ਲੋਕਾਂ 'ਤੇ ਜਾਂਚ  ਦੇ ਬਾਅਦ ਰੂਸ ਨੇ ਅਪਣੀ ਵੈਕਸੀਨ ਨੂੰ ਮਨਜ਼ੂਰੀ ਦੇ ਦਿਤੀ ਸੀ।

ਕਿਸੇ ਵੀ ਵੈਕਸੀਨ ਦੀ ਸਫ਼ਲਤਾ ਲਈ ਉਸ ਨੂੰ ਲੰਮੇ ਟਰਾਇਲ ਵਿਚੋਂ ਗੁਜ਼ਰਨਾ ਪੈਂਦਾ ਹੈ। ਪਰ ਰੂਸ ਵਲੋਂ ਬਿਨਾਂ ਫੇਜ਼-3 ਟਰਾਇਲ ਦੇ ਕੋਰੋਨਾ ਵਾਇਰਸ ਵੈਕਸੀਨ ਲਾਂਚ ਕਰਨ 'ਤੇ ਦੁਨੀਆਭਰ ਦੇ ਮਾਹਿਰਾਂ ਨੇ ਇਸ ਦੀ ਨਿੰਦਾ ਕੀਤੀ ਸੀ। ਦੂਜੇ ਪਾਸੇ ਰੂਸ ਲਗਾਤਾਰ ਇਹ ਦਾਅਵਾ ਕਰਦਾ ਰਿਹਾ ਹੈ ਕਿ ਸਪੁਟਨਿਕ-5 (Sputnik-V) ਨਾਮ ਦੀ ਕੋਰੋਨਾ ਵੈਕਸੀਨ ਸੁਰੱਖਿਅਤ ਹੈ ਅਤੇ ਹਰ ਤਰ੍ਹਾਂ ਦੀ ਜਾਂਚ 'ਚੋਂ ਲੰਘ ਚੁੱਕੀ ਹੈ। ਜਦਕਿ ਦੁਨੀਆ ਇਸ 'ਤੇ ਭਰੋਸਾ ਕਰਨ ਦੀ ਮੂੜ 'ਚ ਨਹੀਂ ਸੀ।

ਹੁਣ ਦੁਨੀਆ ਦੇ ਭਰੋਸੇ 'ਤੇ ਖ਼ਰਾ ਉਤਰਨ ਲਈ ਰੂਸ ਨੇ ਮੁੜ ਕਮਰਕੱਸ ਲਈ ਹੈ। ਰੂਸੀ ਵੈਕਸੀਨ ਤਿਆਰ ਕਰਨ ਵਾਲੇ ਮਾਸਕੋ ਦੇ ਗੈਮਲੇਆ ਇੰਸਟੀਚਿਊਟ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਦੇਸ਼  ਦੇ 45 ਸਿਹਤ ਕੇਂਦਰਾਂ 'ਚ 40 ਹਜ਼ਾਰ ਲੋਕਾਂ ਨੂੰ ਟੇਸਟਿੰਗ ਲਈ ਵੈਕਸੀਨ ਦੀ ਖ਼ੁਰਾਕ ਦਿਤੀ ਜਾਵੇਗੀ। ਰੂਸੀ ਵੈਕਸੀਨ ਨੂੰ ਫ਼ੰਡ ਦੇਣ ਵਾਲੀ ਸੰਸਥਾ ਰਸ਼ਿਅਨ ਡਾਇਰੈਕਟ ਇੰਨਵੈਸਟਮੈਂਟ ਫ਼ੰਡ  (RDIF) ਦੇ ਪ੍ਰਮੁੱਖ ਕਿਰਿਲ ਦਮਿਤਰੀਵ ਨੇ ਕਿਹਾ ਹੈ ਕਿ ਕਈ ਦੇਸ਼ ਰੂਸੀ ਵੈਕਸੀਨ ਖਿਲਾਫ਼ ਸੂਚਨਾ ਯੁੱਧ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਵੈਕਸੀਨ ਦਾ ਡੇਟਾ ਇਸ ਮਹੀਨੇ ਪ੍ਰਕਾਸ਼ਿਤ ਕਰ ਦਿਤਾ ਜਾਵੇਗਾ।

ਕਿਰਿਲ ਦਮਿਤਰੀਵ ਦਾ ਇਹ ਵੀ ਕਹਿਣਾ ਹੈ ਕਿ ਰੂਸੀ ਵੈਕਸੀਨ ਦੇ ਟਰਾਇਲ ਦਾ ਡੇਟਾ WHO ਅਤੇ ਉਨ੍ਹਾਂ ਦੇਸ਼ਾਂ ਨੂੰ ਦਿਤਾ ਜਾ ਰਿਹਾ ਹੈ ਜੋ ਫੇਜ਼-3 ਟਰਾਇਲ ਵਿਚ ਹਿੱਸਾ ਲੈਣਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਰੂਸ ਨੇ ਅਪਣੇ ਦੇਸ਼ ਵਿਚ ਵਰਤੋਂ ਲਈ ਵੈਕਸੀਨ ਨੂੰ ਪਹਿਲਾਂ ਹੀ ਮਨਜ਼ੂਰੀ  ਦੇ ਦਿਤੀ ਹੈ, ਪਰ ਜ਼ਿਆਦਾਤਰ ਦੂਜੇ ਦੇਸ਼ ਅਤੇ WHO ਨੇ ਅਜੇ ਤਕ ਵੈਕਸੀਨ ਨੂੰ ਮਨਜ਼ੂਰੀ ਨਹੀਂ ਦਿਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।