ਸਿੱਖ ਅਧਿਆਪਕਾ ਨੂੰ ਅਗਵਾ ਕਰ ਕੇ ਜ਼ਬਰੀ ਕਰਵਾਇਆ ਨਿਕਾਹ, ਮਾਪਿਆਂ ਵੱਲੋਂ ਇਨਸਾਫ਼ ਦੀ ਮੰਗ  

ਏਜੰਸੀ

ਖ਼ਬਰਾਂ, ਕੌਮਾਂਤਰੀ

ਬੀਤੇ ਦਿਨ ਲੜਕੀ ਨੂੰ ਅਗਵਾ ਕਰ ਕੇ ਨਿਕਾਹ ਕਰ ਲਿਆ ਗਿਆ ਅਤੇ ਅੱਜ ਐਤਵਾਰ ਨੂੰ ਉਸ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਗਿਆ ਕਿ ਦੀਨਾ ਦਾ ਵਿਆਹ ਹੋ ਗਿਆ ਹੈ।

Deena Kaur Father

 

ਇਸਲਾਮਾਬਾਦ - ਪਾਕਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ। ਉੱਥੇ ਹੀ ਇੱਕ ਵਾਰ ਫਿਰ ਸਿੱਖ ਸਮਾਜ ਦੀ ਇੱਕ ਲੜਕੀ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਇੱਕ ਦਿਨ ਪਹਿਲਾਂ ਸਿੱਖ ਸਮਾਜ ਦੀ ਅਧਿਆਪਕ ਲੜਕੀ ਨੂੰ ਅਗਵਾ ਕੀਤਾ ਗਿਆ ਸੀ ਅਤੇ ਦੂਜੇ ਦਿਨ ਪਰਿਵਾਰ ਨੂੰ ਲੜਕੀ ਦੇ ਵਿਆਹ ਦੀ ਸੂਚਨਾ ਦਿੱਤੀ ਗਈ ਸੀ। ਇਸ ਘਟਨਾ ਨੂੰ ਲੈ ਕੇ ਸਿੱਖ ਸਮਾਜ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਘਟਨਾ ਪੀਰ ਬਾਬਾ ਕੇਪੀਕੇ ਸੂਬੇ ਦੀ ਹੈ। 

ਜਾਣਕਾਰੀ ਮੁਤਾਬਕ ਸਿੱਖ ਸਮਾਜ ਦੀ ਅਧਿਆਪਕਾ ਦੀਨਾ ਕੌਰ ਨੂੰ ਸ਼ਨੀਵਾਰ ਨੂੰ ਅਗਵਾ ਕਰ ਲਿਆ ਗਿਆ ਸੀ। ਐਤਵਾਰ ਨੂੰ ਉਸ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਗਿਆ ਕਿ ਦੀਨਾ ਦਾ ਵਿਆਹ ਹੋ ਗਿਆ ਹੈ। ਘਟਨਾ ਤੋਂ ਬਾਅਦ ਪਰਿਵਾਰ ਵਾਲੇ ਥਾਣੇ ਪਹੁੰਚ ਗਏ, ਪਰ ਸੁਣਵਾਈ ਨਹੀਂ ਹੋਈ। ਪਰਿਵਾਰ ਨੇ ਕਿਹਾ ਕਿ ਸਥਾਨਕ ਪੁਲਿਸ ਨੇ ਐਫਆਈਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਿੱਖ ਭਾਈਚਾਰੇ ਨੂੰ ਚੁੱਪ ਰਹਿਣ ਲਈ ਕਿਹਾ ਹੈ। 

ਇਸ ਮਾਮਲੇ ਨੂੰ ਲੈ ਕੇ ਇਸ ਘਟਨਾ 'ਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਵੀ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਨੇ ਟਵੀਟ ਕਰਕੇ ਪਾਕਿਸਤਾਨ ਸਰਕਾਰ ਨੂੰ ਘੇਰਿਆ ਹੈ। ਸਿਰਸਾ ਨੇ ਕਿਹਾ ਕਿ ਕੋਈ ਪਰਿਵਾਰ ਆਪਣੀਆਂ ਧੀਆਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਭਾਵਨਾਤਮਕ ਸ਼ੋਸ਼ਣ ਹੁੰਦਾ ਦੇਖ ਕੇ ਚੁੱਪ ਕਿਵੇਂ ਰਹਿ ਸਕਦਾ ਹੈ? ਇਹ ਬੁਨਿਆਦੀ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਹੈ ਅਤੇ ਅਸੀਂ ਪਾਕਿਸਤਾਨ ਦੇ ਸਿੱਖ ਭਰਾਵਾਂ ਦੇ ਸਮਰਥਨ ਵਿਚ ਖੜੇ ਹਾਂ। ਮੈਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਜੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਬੇਨਤੀ ਕਰਦਾ ਹਾਂ।

ਸਿਰਸਾ ਨੇ ਕਿਹਾ ਕਿ ਮੈਂ ਵਿਦੇਸ਼ ਮੰਤਰੀ ਨੂੰ ਪਾਕਿਸਤਾਨ ਵਿਚ ਘੱਟ ਗਿਣਤੀ ਸਿੱਖਾਂ ਦੇ ਮੁੱਦੇ 'ਤੇ ਚਰਚਾ ਕਰਨ ਦੀ ਅਪੀਲ ਕਰਦਾ ਹਾਂ। ਪਾਕਿਸਤਾਨ ਦਾ ਪ੍ਰਧਾਨ ਮੰਤਰੀ ਦਫ਼ਤਰ ਵੀ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਹੈ। ਪਾਕਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਸਾਡੇ ਪਹਿਲਾਂ ਕੀਤੇ ਟਵੀਟ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ ਜਿਸ ਵਿਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਵਿਚ ਸਿੱਖ ਲੜਕੀ ਦੀਨਾ ਕੌਰ ਦੇ ਜਬਰੀ ਧਰਮ ਪਰਿਵਰਤਨ ਅਤੇ ਸਿੱਖ ਭਾਈਚਾਰੇ ਨਾਲ ਹੋ ਰਹੇ ਜ਼ੁਲਮਾਂ​ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ।