Israel and Hamas : ਬਲਿੰਕਨ ਪਰਤੇ ਅਮਰੀਕਾ, ਇਜ਼ਰਾਈਲ ਤੇ ਹਮਾਸ ਜੰਗਬੰਦੀ ਸਮਝੌਤੇ ’ਤੇ ਪਹੁੰਚਣ ’ਚ ਫਿਰ ਅਸਫਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਜ਼ਰਾਈਲ ਨੇ ਹਮਾਸ ਨਾਲ ਮਤਭੇਦਾਂ ਨੂੰ ਦੂਰ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ

After Blinken, the US, Israel and Hamas failed to reach a ceasefire agreement again

Israel and Hamas :  ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਗਾਜ਼ਾ ’ਚ ਜੰਗ ਸ਼ੁਰੂ ਹੋਣ ਤੋਂ ਬਾਅਦ ਮੱਧ ਪੂਰਬ ਦੀ ਅਪਣੀ ਨੌਵੀਂ ਯਾਤਰਾ ਖਤਮ ਕਰ ਦਿਤੀ ਹੈ ਪਰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤਾ ਨਹੀਂ ਹੋ ਸਕਿਆ।

ਬਲਿੰਕਨ ਨੇ ਮੰਗਲਵਾਰ ਨੂੰ ਕਿਹਾ ਕਿ ਹਮਾਸ ਅਤੇ ਇਜ਼ਰਾਈਲ ਵਲੋਂ ਚੁਨੌਤੀਆਂ ਬਰਕਰਾਰ ਰਹਿਣ ਦੇ ਸੰਕੇਤ ਦਿਤੇ ਜਾਣ ਵਿਚਕਾਰ ‘ਇਸੇ ਸਮੇਂ ਸਮਝੌਤੇ ਨੂੰ ਪੂਰਾ ਕਰਨਾ ਬਹੁਤ ਮਹੱਤਵਪੂਰਨ’ ਹੈ। ਬਲਿੰਕਨ ਨੇ ਵਿਚੋਲਗੀ ਕਰਵਾਉਣ ਵਾਲੇ ਮਿਸਰ ਅਤੇ ਕਤਰ ’ਚ ਬੈਠਕਾਂ ਤੋਂ ਬਾਅਦ ਕਿਹਾ ਕਿਹਾ ਕਿਉਂਕਿ ਇਜ਼ਰਾਈਲ ਨੇ ਹਮਾਸ ਨਾਲ ਮਤਭੇਦਾਂ ਨੂੰ ਦੂਰ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਹੈ, ਇਸ ਲਈ ਹੁਣ ਧਿਆਨ ਹਮਾਸ ਨੂੰ ਨਾਲ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ’ਤੇ ਹੈ ਅਤੇ ਇਹ ਯਕੀਨੀ ਬਣਾਉਣ ’ਤੇ ਹੈ ਕਿ ਦੋਵੇਂ ਪੱਖ ਸਮਝੌਤੇ ਨੂੰ ਲਾਗੂ ਕਰਨ ਦੇ ਪ੍ਰਮੁੱਖ ਨੁਕਤਿਆਂ ’ਤੇ ਸਹਿਮਤ ਹੋਣ। ਉਨ੍ਹਾਂ ਨੇ ਕਤਰ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਾਡਾ ਸੰਦੇਸ਼ ਸਰਲ, ਸਪੱਸ਼ਟ ਅਤੇ ਜ਼ਰੂਰੀ ਹੈ।’’

ਬਲਿੰਕਨ ਨੇ ਕਿਹਾ, ‘‘ਸਾਨੂੰ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਦੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਜ਼ਰੂਰਤ ਹੈ ਅਤੇ ਸਾਨੂੰ ਹੁਣ ਅਜਿਹਾ ਕਰਨਾ ਹੋਵੇਗਾ। ਇਸ ਨੂੰ ਹੁਣੇ ਕਰਨਾ ਮਹੱਤਵਪੂਰਨ ਹੈ।’’ ਈਰਾਨ ਅਤੇ ਲੇਬਨਾਨ ਵਿਚ ਹਮਾਸ ਅਤੇ ਹਿਜ਼ਬੁੱਲਾ ਦੇ ਦੋ ਚੋਟੀ ਦੇ ਕਮਾਂਡਰਾਂ ਦੀ ਹਾਲ ਹੀ ਵਿਚ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਸਮਝੌਤੇ ਦੀ ਜ਼ਰੂਰਤ ਹੋਰ ਵਧ ਗਈ ਹੈ। ਦੋਹਾਂ ਕਮਾਂਡਰਾਂ ਦੀ ਹੱਤਿਆ ਪਿੱਛੇ ਇਜ਼ਰਾਈਲ ਦਾ ਹੱਥ ਦਸਿਆ ਜਾ ਰਿਹਾ ਹੈ। ਦੂਜੇ ਪਾਸੇ, ਈਰਾਨ ਅਤੇ ਹਿਜ਼ਬੁੱਲਾ ਨੇ ਦੋਹਾਂ ਕਮਾਂਡਰਾਂ ਦੀ ਮੌਤ ਦਾ ਬਦਲਾ ਲੈਣ ਦਾ ਅਹਿਦ ਲਿਆ ਹੈ, ਜਿਸ ਨਾਲ ਮੱਧ ਪੂਰਬ ’ਚ ਚੱਲ ਰਹੇ ਤਣਾਅ ਦੇ ਪੂਰਨ ਜੰਗ ’ਚ ਬਦਲਣ ਦੀ ਸੰਭਾਵਨਾ ਵਧ ਗਈ ਹੈ।

ਹਮਾਸ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਪ੍ਰਸਤਾਵ ਉਸ ਸਮਝੌਤੇ ਦੇ ਉਲਟ ਹੈ ਜਿਸ ’ਤੇ ਉਹ ਪਹਿਲਾਂ ਸਹਿਮਤ ਹੋਇਆ ਸੀ। ਉਨ੍ਹਾਂ ਨੇ ਅਮਰੀਕਾ ’ਤੇ ਇਜ਼ਰਾਈਲ ਦੀਆਂ ਨਵੀਆਂ ਸ਼ਰਤਾਂ ਨੂੰ ਮਨਜ਼ੂਰ ਕਰਨ ਦਾ ਦੋਸ਼ ਲਾਇਆ। ਅਮਰੀਕਾ ਵਲੋਂ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਮਿਸਰ ਵਿਚ ਬੈਠਕਾਂ ਤੋਂ ਪਹਿਲਾਂ ਬਲਿੰਕਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਵੀ ਮੁਲਾਕਾਤ ਕੀਤੀ।

ਹਮਾਸ ਦੇ ਅਤਿਵਾਦੀਆਂ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲਾ ਕੀਤਾ ਸੀ, ਜਿਸ ਵਿਚ ਲਗਭਗ 1,200 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਆਮ ਨਾਗਰਿਕ ਸਨ ਅਤੇ ਲਗਭਗ 250 ਨੂੰ ਅਗਵਾ ਕਰ ਲਿਆ ਗਿਆ ਸੀ। ਬਲਿੰਕਨ ਅਤੇ ਨੇਤਨਯਾਹੂ ਵਿਚਾਲੇ ਹੋਈ ਬੈਠਕ ਦੌਰਾਨ ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਉਸ ਨੂੰ ਹਮਾਸ ਵਲੋਂ ਬੰਧਕ ਬਣਾਏ ਗਏ ਛੇ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ।

ਮੰਨਿਆ ਜਾ ਰਿਹਾ ਹੈ ਕਿ ਲਗਭਗ 110 ਬੰਧਕ ਅਜੇ ਵੀ ਗਾਜ਼ਾ ਵਿਚ ਹਨ, ਜਦਕਿ ਇਜ਼ਰਾਈਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਿਚੋਂ ਲਗਭਗ ਇਕ ਤਿਹਾਈ ਦੀ ਮੌਤ ਹੋ ਚੁਕੀ ਹੈ। ਨਵੰਬਰ ਵਿਚ ਇਕ ਹਫਤੇ ਦੀ ਜੰਗਬੰਦੀ ਦੌਰਾਨ 100 ਤੋਂ ਵੱਧ ਬੰਧਕਾਂ ਨੂੰ ਰਿਹਾਅ ਕੀਤਾ ਗਿਆ ਸੀ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਈਲ ਦੇ ਜਵਾਬੀ ਹਮਲਿਆਂ ’ਚ 40,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਗਾਜ਼ਾ ਦੇ 23 ਲੱਖ ਤੋਂ ਵੱਧ ਵਸਨੀਕਾਂ ’ਚੋਂ ਜ਼ਿਆਦਾਤਰ ਬੇਘਰ ਹੋ ਗਏ ਹਨ ਅਤੇ ਇਕ ਵੱਡੀ ਮਨੁੱਖੀ ਤਬਾਹੀ ਹੋਈ ਹੈ।