Bangladesh News : ਬੰਗਲਾਦੇਸ਼ ਨੇ ਸ਼ੇਖ ਹਸੀਨਾ ਅਤੇ ਉਸ ਦੇ ਸਹਿਯੋਗੀਆਂ ਵਿਰੁਧ 9 ਹੋਰ ਮਾਮਲੇ ਦਰਜ ਕੀਤੇ
ਉਨ੍ਹਾਂ ਵਿਰੁਧ ਮਾਮਲਿਆਂ ਦੀ ਗਿਣਤੀ 31 ਹੋ ਗਈ
Bangladesh News : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁਧ ਘੱਟੋ-ਘੱਟ 9 ਹੋਰ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਉਨ੍ਹਾਂ ਵਿਰੁਧ ਮਾਮਲਿਆਂ ਦੀ ਗਿਣਤੀ 31 ਹੋ ਗਈ ਹੈ।
ਹਸੀਨਾ ਵਿਰੁਧ ਦਰਜ ਮਾਮਲਿਆਂ ਵਿਚ ਕਤਲ ਦੇ 26, ਮਨੁੱਖਤਾ ਵਿਰੁਧ ਅਪਰਾਧ ਅਤੇ ਨਸਲਕੁਸ਼ੀ ਦੇ ਚਾਰ ਅਤੇ ਅਗਵਾ ਦਾ ਇਕ ਮਾਮਲਾ ਸ਼ਾਮਲ ਹੈ। ਸੁਪਰੀਮ ਕੋਰਟ ਦੇ ਵਕੀਲ ਗਾਜ਼ੀ ਐਮ.ਐ.ਚ ਤਮੀਮ ਨੇ ਹਿਫਾਜ਼ਤ-ਏ-ਇਸਲਾਮ ਦੇ ਸੰਯੁਕਤ ਸਕੱਤਰ ਜਨਰਲ (ਸਿੱਖਿਆ ਅਤੇ ਕਾਨੂੰਨ) ਮੁਫਤੀ ਹਾਰੂਨ ਇਜ਼ਹਾਰ ਚੌਧਰੀ ਦੀ ਤਰਫੋਂ ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਕਾਇਤ ’ਚ ਹਸੀਨਾ ਅਤੇ 23 ਹੋਰਾਂ ’ਤੇ 5 ਮਈ 2013 ਨੂੰ ਮੋਤੀਝੀਲ ਦੇ ਸ਼ਾਪਲਾ ਛਤਰ ’ਚ ਹਿਫਾਜ਼ਤ-ਏ-ਇਸਲਾਮ ਰੈਲੀ ਦੌਰਾਨ ਮਨੁੱਖਤਾ ਵਿਰੁਧ ਅਪਰਾਧ ਕਰਨ ਅਤੇ ਨਸਲਕੁਸ਼ੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਜਾਂਚ ਏਜੰਸੀ ਦੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਅਤਾਉਰ ਰਹਿਮਾਨ ਨੇ ਕਿਹਾ, ‘‘ਅਸੀਂ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਜਾਂਚ ਅੱਜ ਤੋਂ ਸ਼ੁਰੂ ਹੋ ਗਈ ਹੈ।’’
ਕੌਮਾਂਤਰੀ ਅਪਰਾਧ ਟ੍ਰਿਬਿਊਨਲ ’ਚ ਦਾਇਰ ਕੀਤੀ ਗਈ ਇਹ ਚੌਥੀ ਸ਼ਿਕਾਇਤ ਹੈ ਜਿਸ ’ਚ ਸਾਬਕਾ ਪ੍ਰਧਾਨ ਮੰਤਰੀ ’ਤੇ ਦੋਸ਼ ਲਗਾਏ ਗਏ ਹਨ। ਸ਼ੇਖ ਹਸੀਨਾ ਨੇ ਸਰਕਾਰੀ ਨੌਕਰੀਆਂ ਵਿਚ ਵਿਵਾਦਪੂਰਨ ਰਾਖਵਾਂਕਰਨ ਪ੍ਰਣਾਲੀ ਨੂੰ ਲੈ ਕੇ ਅਪਣੀ ਸਰਕਾਰ ਵਿਰੁਧ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ 5 ਅਗੱਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ ਅਤੇ ਭਾਰਤ ਚਲੀ ਗਈ ਸੀ।
ਚਾਰ ਵਿਚੋਂ ਤਿੰਨ ਮਾਮਲੇ ਹਾਲ ਹੀ ਦੇ ਰਾਖਵਾਂਕਰਨ ਅੰਦੋਲਨ ’ਤੇ ਕੇਂਦਰਿਤ ਹਿੰਸਾ ਨਾਲ ਸਬੰਧਤ ਹਨ। ਮੰਗਲਵਾਰ ਨੂੰ ਅਵਾਮੀ ਲੀਗ ਦੇ ਪ੍ਰਧਾਨ ਦੇ ਵਿਰੁਧ ਦੇਸ਼ ਭਰ ’ਚ ਅੱਠ ਹੋਰ ਮਾਮਲੇ ਦਰਜ ਕੀਤੇ ਗਏ ਸਨ। ਹਸੀਨਾ ਦੇ ਬੇਟੇ ਸਜੀਬ ਵਾਜੇਦ ਜੋਏ, ਬੇਟੀ ਸਾਇਮਾ ਵਾਜੇਦ ਪੁਤੁਲ ਅਤੇ ਭੈਣ ਸ਼ੇਖ ਰੇਹਾਨਾ ਪਹਿਲੀ ਵਾਰ ਕਤਲ ਦੇ ਮਾਮਲੇ ’ਚ ਸਹਿ-ਦੋਸ਼ੀ ਹਨ।