Vladimir Putin : ਸਰਹੱਦ ਪਾਰੋਂ ਯੂਕਰੇਨ ਦੇ ਹਮਲਿਆਂ ਵਿਚਕਾਰ ਪੁਤਿਨ ਨੇ ਅਚਾਨਕ ਚੇਚਨਿਆ ਦਾ ਕੀਤਾ ਦੌਰਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਲਗਭਗ 13 ਸਾਲਾਂ ’ਚ ਚੇਚਨਿਆ ਦੀ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ

Vladimir Putin

Vladimir Putin : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਰੂਸ ਦੇ ਅੰਦਰ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਚੇਚਨਿਆ ਦਾ ਅਚਨਚੇਤ ਦੌਰਾ ਕੀਤਾ। ਲਗਭਗ 13 ਸਾਲਾਂ ’ਚ ਚੇਚਨਿਆ ਦੀ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਯੂਕਰੇਨ ਪਛਮੀ ਰੂਸ ਵਿਚ ਤਿੰਨ ਹਫ਼ਤਿਆਂ ਤੋਂ ਲਗਾਤਾਰ ਸਰਹੱਦ ਪਾਰ ਹਮਲੇ ਕਰ ਰਿਹਾ ਹੈ।

ਰੂਸ ਦੇ ਕੁਰਸਕ ਖੇਤਰ ਵਿਚ ਕੀਵ ਦਾ ਹਮਲਾ ਜੰਗ ਦੀ ਦਿਸ਼ਾ ਬਦਲ ਰਿਹਾ ਹੈ ਅਤੇ ਯੂਕਰੇਨ ਦੇ ਜੰਗ ਤੋਂ ਥੱਕੇ ਲੋਕਾਂ ਦਾ ਮਨੋਬਲ ਵਧਾ ਰਿਹਾ ਹੈ। ਹਾਲਾਂਕਿ, ਇਸ ਹਮਲੇ ਦੇ ਅੰਤਿਮ ਨਤੀਜੇ ਦੀ ਭਵਿੱਖਬਾਣੀ ਕਰਨਾ ਸੰਭਵ ਨਹੀਂ ਹੈ। ਦੂਜੇ ਵਿਸ਼ਵ ਜੰਗ ਤੋਂ ਬਾਅਦ ਰੂਸ ’ਤੇ ਕੀਤਾ ਗਿਆ ਇਹ ਪਹਿਲਾ ਹਮਲਾ ਹੈ।

ਪੁਤਿਨ ਦਾ ਸਵਾਗਤ ਚੇਚਨਿਆ ਦੇ ਸਵੈ-ਐਲਾਨ ਨੇਤਾ ਰਮਜ਼ਾਨ ਕਾਦਿਰੋਵ ਨੇ ਕੀਤਾ। ਪੁਤਿਨ ਨੇ ਉੱਥੇ ਵਿਸ਼ੇਸ਼ ਬਲਾਂ ਦੀ ਅਕੈਡਮੀ ਦਾ ਦੌਰਾ ਕੀਤਾ ਅਤੇ ਵਲੰਟੀਅਰ ਲੜਾਕਿਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਯੂਕਰੇਨ ਵਿਚ ਤਾਇਨਾਤ ਹੋਣ ਤੋਂ ਪਹਿਲਾਂ ਉਥੇ ਸਿਖਲਾਈ ਲਈ ਸੀ। ਇਸ ਅਕੈਡਮੀ ਦਾ ਨਾਮ ਪੁਤਿਨ ਦੇ ਨਾਮ ’ਤੇ ਰੱਖਿਆ ਗਿਆ ਹੈ।

ਰੂਸ ਦੀਆਂ ਸਰਕਾਰੀ ਏਜੰਸੀਆਂ ਮੁਤਾਬਕ ਪੁਤਿਨ ਨੇ ਵਲੰਟੀਅਰ ਲੜਾਕਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਦੋਂ ਤਕ ਰੂਸ ਕੋਲ ਉਨ੍ਹਾਂ ਵਰਗੇ ਲੋਕ ਹਨ, ਉਦੋਂ ਤਕ ਕੋਈ ਵੀ ਰੂਸ ਨੂੰ ਹਰਾ ਨਹੀਂ ਸਕਦਾ।

ਕਾਦਿਰੋਵ ਨੇ ਅਪਣੇ ਅਧਿਕਾਰਤ ਟੈਲੀਗ੍ਰਾਮ ਚੈਨਲ ’ਤੇ ਇਕ ਪੋਸਟ ਵਿਚ ਕਿਹਾ ਕਿ ਮਾਸਕੋ ਵਲੋਂ ਯੂਕਰੇਨ ਵਿਚ ‘ਵਿਸ਼ੇਸ਼ ਫੌਜੀ ਮੁਹਿੰਮ’ ਸ਼ੁਰੂ ਕਰਨ ਤੋਂ ਬਾਅਦ ਵਲੰਟੀਅਰਾਂ ਸਮੇਤ 47,000 ਤੋਂ ਵੱਧ ਲੜਾਕਿਆਂ ਨੇ ਇਸ ਸੁਵਿਧਾ ਵਿਚ ਸਿਖਲਾਈ ਲਈ ਹੈ।

ਚੇਚਨਿਆ ਦੇ ਲੜਾਕੇ ਯੂਕਰੇਨ ਨਾਲ ਸੰਘਰਸ਼ ’ਚ ਦੋਹਾਂ ਪਾਸਿਆਂ ਤੋਂ ਲੜ ਰਹੇ ਹਨ। ਤਤਕਾਲੀ ਸੋਵੀਅਤ ਯੂਨੀਅਨ ਦੇ ਪਤਨ ਤੋਂ ਬਾਅਦ, ਆਜ਼ਾਦੀ ਸਮਰਥਕ ਲੜਾਕਿਆਂ ਨੇ ਰੂਸੀ ਸਰਕਾਰੀ ਬਲਾਂ ਨਾਲ ਕਈ ਸਾਲਾਂ ਤਕ ਲੜਾਈ ਲੜੀ।

ਮਰਹੂਮ ਚੇਚੇਨ ਨੇਤਾ ਜ਼ੋਖਾਰ ਦੁਦਾਯੇਵ ਦੇ ਵਫ਼ਾਦਾਰ ਕੀਵ ਸਮਰਥਕ ਵਲੰਟੀਅਰ ਪੁਤਿਨ ਅਤੇ ਕਾਦਿਰੋਵ ਦੀ ਹਮਾਇਤ ਕਰਨ ਵਾਲੀ ਚੇਚੇਨ ਫੌਜ ਦੇ ਦੁਸ਼ਮਣ ਹਨ। ਜ਼ੋਖਾਰ ਦੁਦਾਯੇਵ ਆਜ਼ਾਦੀ ਸਮਰਥਕ ਨੇਤਾ ਸਨ।