Pakistan Flood News: ਪਾਕਿ 'ਚ ਭਾਰੀ ਬਾਰਸ਼ ਤੇ ਹੜ੍ਹ ਨਾਲ ਹੁਣ ਤਕ 750 ਲੋਕਾਂ ਦੀ ਮੌਤ
Pakistan Flood News: ਪਿਛਲੇ 24 ਘੰਟਿਆਂ ਵਿਚ 43 ਹੋਰ ਲੋਕਾਂ ਦੀ ਮੌਤ ਹੋਈ
Pakistan Flood News in punjabi : ਪਾਕਿਸਤਾਨ ਵਿਚ ਬਾਰਸ਼ ਨਾਲ ਜੁੜੀਆਂ ਘਟਨਾਵਾਂ ਅਤੇ ਹੜ੍ਹ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 750 ਤਕ ਪਹੁੰਚ ਗਈ ਹੈ। ਫ਼ੌਜ ਨੇ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜਾਂ ਨੂੰ ਤੇਜ਼ ਕਰ ਦਿਤਾ ਹੈ। ਰਾਸ਼ਟਰੀ ਆਫ਼ਤ ਮੈਨੇਜਮੈਂਟ ਅਥਾਰਟੀ (ਐਨਡੀਐਮਏ) ਨੇ ਜਾਣਕਾਰੀ ਦਿਤੀ ਹੈ ਕਿ ਪਿਛਲੇ 24 ਘੰਟਿਆਂ ਵਿਚ 43 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ 26 ਜੂਨ ਤੋਂ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 750 ਹੋ ਗਈ ਹੈ। ਇਸ ਦੌਰਾਨ ਜ਼ਖ਼ਮੀਆਂ ਦੀ ਗਿਣਤੀ 965 ਤਕ ਪਹੁੰਚ ਗਈ ਹੈ।
ਐਨਡੀਐਮਏ ਨੇ ਦਸਿਆ ਕਿ ਖ਼ੈਬਰ-ਪਖ਼ਤੂਨਖਵਾ ਸੱਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ ਹੁਣ ਤਕ 427 ਲੋਕ ਮਾਰੇ ਗਏ ਹਨ। ਇਸ ਤੋਂ ਬਾਅਦ ਪੰਜਾਬ ਵਿਚ 164, ਸਿੰਧ ਵਿਚ 29, ਬਲੋਚਿਸਤਾਨ ਵਿਚ 22, ਮਕਬੂਜ਼ਾ ਜੰਮੂ-ਕਸ਼ਮੀਰ ਵਿਚ 56 ਅਤੇ ਇਸਲਾਮਾਬਾਦ ਖੇਤਰ ਵਿਚ 8 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ ਫ਼ੌਜ ਦੇ ਬੁਲਾਰੇ ਲੈਫ਼ਟੀਨੈਂਟ ਜਨਰਲ ਅਹਮਦ ਸ਼ਰੀਫ਼ ਚੌਧਰੀ ਨੇ ਕਿਹਾ ਕਿ ਫ਼ੌਜ ਨੇ ਰਾਹਤ ਕਾਰਜਾਂ ਨੂੰ ਤੇਜ਼ ਕਰ ਦਿਤਾ ਹੈ, ਜਿਸ ਦੌਰਾਨ 6903 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਖ਼ੈਬਰ-ਪਖ਼ਤੂਨਖਵਾ ਵਿਚ ਨੌਂ ਕੈਂਪਾਂ ਰਾਹੀਂ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਉਨ੍ਹਾਂ ਨੇ ਦਸਿਆ ਕਿ ਰਾਹਤ ਕਾਰਜਾਂ ਵਿਚ ਫ਼ੌਜ ਦੀਆਂ ਅੱਠ ਇਕਾਈਆਂ ਸ਼ਾਮਲ ਹਨ, ਜਦਕਿ ਬੁਨੇਰ ਵਿਚ ਦੋ ਬਟਾਲੀਅਨਾਂ ਕੰਮ ਕਰ ਰਹੀਆਂ ਹਨ। ਫ਼ੌਜੀ ਹਵਾਈ ਸੇਵਾਵਾਂ ਵੀ ਬਚਾਅ ਅਤੇ ਸਪਲਾਈ ਕਾਰਜਾਂ ਵਿਚ ਸਹਾਇਤਾ ਕਰ ਰਹੀਆਂ ਹਨ। ਪਾਕਿਸਤਾਨ ਦੇ ਸੰਘੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤਾਉੱਲਾਹ ਤਰਾਰ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜਾਂ ਨੂੰ ਤੇਜ਼ ਕੀਤਾ ਗਿਆ ਹੈ ਅਤੇ ਐਨਡੀਐਮਏ, ਪਾਕਿਸਤਾਨੀ ਫ਼ੌਜ, ਸੰਘੀ ਅਤੇ ਸੂਬਾਈ ਸਰਕਾਰਾਂ ਵਿਚਕਾਰ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤਕ 25,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ। (ਏਜੰਸੀ)
(For more news apart from “Pakistan Flood News in punjabi ” stay tuned to Rozana Spokesman.)