Europe ਦੇ ਤਿੰਨ ਵੱਡੇ ਹਵਾਈ ਅੱਡਿਆਂ ’ਤੇ ਹੋਇਆ ਸਾਈਬਰ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਵਾਈ ਅੱਡਿਆਂ ਦਾ ਚੈਕ-ਇਨ ਅਤੇ ਬੋਰਡਿੰਗ ਸਿਸਟਮ ਹੋਇਆ ਠੱਪ

Cyber ​​attack on three major airports in Europe

Cyber ​​attack news : ਯੂਰਪ ਦੇ ਤਿੰਨ ਵੱਡੇ ਹਵਾਈ ਅੱਡਿਆਂ ’ਤੇ ਬਾਈਬਰ ਹਮਲਾ ਹੋਇਆ ਹੈ। ਇਨ੍ਹਾਂ ’ਚ ਲੰਡਨ ਦਾ ਹੀਥਰੋ ਹਵਾਈ ਅੱਡਾ, ਜਰਮਨੀ ਦਾ ਬਰਲਿਨ ਹਵਾਈ ਅੱਡਾ ਅਤੇ ਬੈਲਜੀਅਮ ਦਾ ਬ੍ਰਸੇਲਜ਼ ਹਵਾਈ ਅੱਡਾ ਸ਼ਾਮਿਲ ਹੈ। ਸਾਈਬਰ ਹਮਲੇ ਦੇ ਚਲਦਿਆਂ ਸ਼ਨੀਵਾਰ ਨੂੰ ਇਨ੍ਹਾਂ ਹਵਾਈ ਅੱਡਿਆਂ ’ਤੇ ਚੈੱਕ-ਇਨ ਅਤੇ ਬੋਰਡਿੰਗ ਸਿਸਟਮ ਠੱਪ ਹੋ ਗਏ। ਇਸ ਕਾਰਨ ਕਈ ਉਡਾਣਾਂ ਵਿੱਚ ਦੇਰੀ ਹੋਈ ਅਤੇ ਕਈ ਉਡਾਣਾਂ ਨੂੰ ਰੱਦ ਵੀ ਕਰਨਾ ਪਿਆ।

ਚੈੱਕ-ਇਨ ਅਤੇ ਬੋਰਡਿੰਗ ਸਿਸਟਮ ਠੱਪ ਹੋਣ ਕਾਰਨ ਯਾਤਰੀਆਂ ਨੂੰ ਮੈਨੂੰਅਲ ਤਰੀਕੇ ਨਾਲ ਚੈੱਕ-ਇਨ ਕਰਨਾ ਪਿਆ। ਜਿਸ ਕਾਰਨ ਉਡਾਣ ਦੇ ਸਮਾਂ-ਸਾਰਣੀ ’ਤੇ ਵੀ ਅਸਰ ਪਿਆ। ਸ਼ਨੀਵਾਰ ਦੁਪਹਿਰ ਤੱਕ ਹੀਥਰੋ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ 140 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ। ਬ੍ਰਸੇਲਜ਼ ’ਚ 100 ਤੋਂ ਵੱਧ ਅਤੇ ਬਰਲਿਨ ’ਚ 60 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ। ਬ੍ਰਸੇਲਜ਼ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਏਅਰਪੋਰਟ ਦੇ ਚੈੱਕ-ਇਨ ਅਤੇ ਬੋਰਡਿੰਗ ਸਿਸਟਮ ਨਾਲ ਜੁੜੀ ਸਰਵਿਸ ਪ੍ਰੋਵਾਈਡਰ ਕੰਪਨੀ ’ਤੇ ਸਾਈਬਰ ਹਮਲਾ ਹੋਇਆ।

ਯੂਰਪ ’ਚ ਹੋਏ ਇਸ ਸਾਈਬਰ ਹਮਲੇ ਦਾ ਨਿਸ਼ਾਨਾ ਐਮ.ਯੂ.ਐਸ.ਈ. ਸਾਫਟਵੇਅਰ ਸੀ। ਭਾਰਤ ਸਰਕਾਰ ਨੇ ਕਿਹਾ ਕਿ ਦਿੱਲੀ ਹਵਾਈ ਅੱਡੇ ’ਤੇ ਵੀ ਇਹੀ ਸਾਫਟਵੇਅਰ ਵਰਤਿਆ ਜਾ ਰਿਹਾ ਹੈ, ਪਰ ਇੱਥੇ ਸਾਈਬਰ ਹਮਲੇ ਦਾ ਕੋਈ ਪ੍ਰਭਾਵ ਨਹੀਂ ਦੇਖਿਆ ਗਿਆ ਅਤੇ ਭਾਰਤੀ ਹਵਾਈ ਅੱਡੇ ਸੁਰੱਖਿਅਤ ਹਨ।
ਹੈਕਰਾਂ ਨੇ ਕੋਲਿਨਜ਼ ਏਅਰੋਸਪੇਸ ਕੰਪਨੀ ਦੇ ਸਿਸਟਮ ਨੂੰ ਨਿਸ਼ਾਨਾ ਬਣਾਇਆ ਹੈ। ਇਹ ਕੰਪਨੀ ਇਨ੍ਹਾਂ ਹਵਾਈ ਅੱਡਿਆਂ ’ਤੇ ਚੈੱਕ-ਇਨ ਅਤੇ ਬੋਰਡਿੰਗ ਸਿਸਟਮ ਦੀ ਸਹੂਲਤ ਦਿੰਦੀ ਹੈ। ਕੋਲਿਨਜ਼ ਏਅਰੋਸਪੇਸ ਦੀ ਮੂਲ ਕੰਪਨੀ ਆਰਟੀਐਕਸ ਨੇ ਕਿਹਾ ਕਿ ਉਹ ਇਸ ਸਮੱਸਿਆ ਨੂੰ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।