ਨੇਪਾਲ ਦੀ ਰਾਸ਼ਟਰੀ ਏਅਰਲਾਈਨ ਚੀਨ ਦੇ ਗੁਆਂਗਜ਼ੂ ਲਈ ਸਿੱਧੀਆਂ ਉਡਾਣਾਂ ਕਰੇਗੀ ਸ਼ੁਰੂ
ਪਹਿਲੀ ਵਾਰ ਕਾਠਮੰਡੂ ਅਤੇ ਗੁਆਂਗਜ਼ੂ ਵਿਚਕਾਰ ਉਡਾਣ ਸੇਵਾਵਾਂ ਸ਼ੁਰੂ ਕਰਨ ਲਈ ਸਾਰੀਆਂ ਤਿਆਰੀਆਂ ਪੂਰੀਆਂ
ਕਾਠਮੰਡੂ: ਨੇਪਾਲ ਦੀ ਰਾਸ਼ਟਰੀ ਏਅਰਲਾਈਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਵੀਰਵਾਰ ਤੋਂ ਰਾਜਧਾਨੀ ਕਾਠਮੰਡੂ ਤੋਂ ਚੀਨ ਦੇ ਗੁਆਂਗਜ਼ੂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ। ਨੇਪਾਲ ਏਅਰਲਾਈਨਜ਼ ਕਾਰਪੋਰੇਸ਼ਨ (ਐਨਏਸੀ) ਦੇ ਬੁਲਾਰੇ ਮਨੋਜ ਕੁਮਾਰ ਸ਼ਾਹ ਨੇ ਕਿਹਾ ਕਿ ਪਹਿਲੀ ਵਾਰ ਕਾਠਮੰਡੂ ਅਤੇ ਗੁਆਂਗਜ਼ੂ ਵਿਚਕਾਰ ਉਡਾਣ ਸੇਵਾਵਾਂ ਸ਼ੁਰੂ ਕਰਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਅਧਿਕਾਰੀ ਨੇ ਕਿਹਾ ਕਿ ਐਨਏਸੀ ਇਸ ਰੂਟ 'ਤੇ ਹਫ਼ਤੇ ਵਿੱਚ ਤਿੰਨ ਉਡਾਣਾਂ ਚਲਾਏਗਾ। ਪਹਿਲੀ ਉਡਾਣ ਵੀਰਵਾਰ ਨੂੰ ਅਤੇ ਦੂਜੀ 28 ਸਤੰਬਰ ਨੂੰ ਨਿਰਧਾਰਤ ਕੀਤੀ ਗਈ ਹੈ। ਐਨਏਸੀ ਨੇ ਕਿਹਾ ਕਿ ਉਸ ਤੋਂ ਬਾਅਦ ਹਰ ਐਤਵਾਰ, ਮੰਗਲਵਾਰ ਅਤੇ ਸ਼ਨੀਵਾਰ ਨੂੰ ਗੁਆਂਗਜ਼ੂ ਲਈ ਸਿੱਧੀਆਂ ਉਡਾਣਾਂ ਹੋਣਗੀਆਂ।
ਐਨਏਸੀ ਨੇ ਕਾਠਮੰਡੂ ਤੋਂ ਗੁਆਂਗਜ਼ੂ ਲਈ ਇੱਕ-ਪਾਸੜ ਕਿਰਾਇਆ 30,000 ਨੇਪਾਲੀ ਰੁਪਏ ਅਤੇ ਵਾਪਸੀ ਦਾ ਕਿਰਾਇਆ 50,000 ਨੇਪਾਲੀ ਰੁਪਏ ਨਿਰਧਾਰਤ ਕੀਤਾ ਹੈ।ਹਿਮਾਲਿਆ ਏਅਰਲਾਈਨਜ਼ ਵੀ ਨੇਪਾਲ ਤੋਂ ਇਸ ਰੂਟ 'ਤੇ ਨਿਯਮਤ ਉਡਾਣਾਂ ਚਲਾ ਰਹੀ ਹੈ, ਜਦੋਂ ਕਿ ਚੀਨੀ ਏਅਰਲਾਈਨ ਕੰਪਨੀ ਚਾਈਨਾ ਸਾਊਦਰਨ ਵੀ ਗੁਆਂਗਜ਼ੂ-ਕਾਠਮੰਡੂ ਰੂਟ 'ਤੇ ਨਿਯਮਤ ਉਡਾਣਾਂ ਚਲਾ ਰਹੀ ਹੈ।