ਭਾਰਤ ਤੋਂ ਅਪਣੇ ਡਿਪਲੋਮੈਟ ਵਾਪਸ ਬੁਲਾਉਣ ਮਗਰੋਂ ਟਰੂਡੋ ਦਾ ਬਿਆਨ, ਦਿੱਤੀ ਤਿੱਖੀ ਪ੍ਰਤੀਕਿਰਿਆ 

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਸਰਕਾਰ ਭਾਰਤ ਅਤੇ ਕੈਨੇਡਾ ਵਿਚ ਲੱਖਾਂ ਲੋਕਾਂ ਦੇ ਲਈ ਜ਼ਿੰਦਗੀ ਨੂੰ ਆਮ ਤੌਰ ’ਤੇ ਜਾਰੀ ਰੱਖਣਾ ਔਖਾ ਬਣਾ ਰਹੀ ਹੈ

Canadian PM Trudeau, Pm Modi

ਨਵੀਂ ਦਿੱਲੀ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਕੱਲ੍ਹ ਕਿਹਾ ਕਿ 41 ਕੈਨੇਡੀਆਈ ਡਿਪਲੋਮੈਟਾਂ ਦੀ ਡਿਪਲੋਮੇਸੀ ਛੋਟ ਰੱਦ ਕਰ ਕੇ ਭਾਰਤ ਸਰਕਾਰ ਭਾਰਤ ਅਤੇ ਕੈਨੇਡਾ ਵਿਚ ਲੱਖਾਂ ਲੋਕਾਂ ਦੇ ਲਈ ਜ਼ਿੰਦਗੀ ਨੂੰ ਆਮ ਤੌਰ ’ਤੇ ਜਾਰੀ ਰੱਖਣਾ ਔਖਾ ਬਣਾ ਰਹੀ ਹੈ ਅਤੇ ਉਹ ਕੂਟਨੀਤੀ ਦੇ ਬਹੁਤ ਹੀ ਬੁਨਿਆਦੀ ਸਿਧਾਂਤ ਦੀ ਉਲੰਘਣਾ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਲੱਖਾਂ ਕੈਨੇਡੀਆਈ ਲੋਕਾਂ ਲਈ ਬਹੁਤ ਪਰੇਸ਼ਾਨ ਹਨ ਜੋ ਭਾਰਤੀ ਉਪ ਮਹਾਦੀਪ ਨਾਲ ਸਬੰਧਤ ਹਨ। ਉਨ੍ਹਾਂ ਦਾ ਸੰਕੇਤ ਖਾਸ ਕਰ ਕੇ ਕੈਨੇਡਾ ਵਿਚ ਵਸੇ ਲੱਖਾਂ ਪੰਜਾਬੀਆਂ ਵੱਲ ਹੈ। ਬ੍ਰੈਂਪਟਨ ਵਿਚ ਇਕ ਪ੍ਰੈੱਸ ਕਾਨਫ਼ਰੰਸ ਵਿਚ ਟਰੂਡੋ ਨੇ ਕਿਹਾ ਕਿ ਕੈਨੇਡੀਆਈ ਡਿਪਲੋਮੈਟਾ ’ਤੇ ਭਾਰਤ ਸਰਕਾਰ ਦੀ ਕਾਰਵਾਈ ਨਾਲ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਚਿੰਤਤ ਹੋਣਾ ਚਾਹੀਦਾ ਹੈ।

ਟਰੂਡੋ ਦੀ ਇਹ ਟਿੱਪਣੀ ਉਸ ਤੋਂ ਮਗਰੋਂ ਆਈ ਜਦੋਂ ਉਸ ਨੇ ਆਪਣੇ 41 ਡਿਪਲੋਮੈਟਾਂ ਦਾ ਦਰਜਾ ਰੱਦ ਕਰਨ ਦੇ ਭਾਰਤੀ ਬਿਆਨ ਦੇ ਬਾਅਦ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ 42 ਆਸ਼ਰਿਤਾਂ ਨੂੰ ਭਾਰਤ ਤੋਂ ਵਾਪਸ ਬੁਲਾ ਲਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕੱਲ੍ਹ ਕਿਹਾ ਸੀ ਕਿ ਮੈਂ ਪੁਸ਼ਟੀ ਕਰ ਸਕਦੀ ਹਾਂ ਕਿ ਭਾਰਤ ਨੇ ਕੱਲ 20 ਅਕਤੂਬਰ ਤਕ ਦਿੱਲੀ ਵਿਚ 21 ਕੈਨੇਡੀਆਈ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਛੱਡ ਕੇ ਸਾਰਿਆਂ ਲਈ ਅਨੈਤਿਕ ਤੌਰ ’ਤੇ ਡਿਪਲੋਮੈਟਿਕ ਪ੍ਰਤੀ ਰੱਖਿਆ ਹਟਾਉਣ ਦੀ ਆਪਣੀ ਯੋਜਨਾ ਗੈਰ-ਰਸਮੀ ਤੌਰ ’ਤੇ ਦੱਸ ਦਿੱਤੀ।

ਇਸ ਦਾ ਭਾਵ ਇਹ ਹੈ ਕਿ 41 ਕੈਨੇਡੀਆਈ ਡਿਪਲੋਮੈਟਾਂ ਅਤੇ ਉਨ੍ਹਾਂ ਦੇ 42 ਆਸ਼ਰਿਤਾਂ ’ਤੇ ਖਤਰਾ ਮੰਡਰਾ ਰਿਹਾ ਸੀ । ਇਕ ਮਨਮਾਨੀ ਮਿਤੀ ’ਤੇ ਛੋਟ ਖੋਹ ਲਈ ਗਈ। ਉਨ੍ਹਾਂ ਸਾਰਿਆਂ ਦੀ ਨਿੱਜੀ ਸੁਰੱਖਿਆ ਖਤਰੇ ਵਿਚ ਪੈ ਗਈ। ਉਨ੍ਹਾਂ ਨੇ ਭਾਰਤ ਸਰਕਾਰ ’ਤੇ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ।