ਸਾਨੇ ਤਾਕਾਇਚੀ ਬਣੀ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਟੋਕਿਓ : ਜਾਪਾਨ ਦੀ ਸਾਨੇ ਤਾਕਾਇਚੀ ਦੇਸ਼ ਦੀ ਪ੍ਰਧਾਨ ਮੰਤਰੀ ਚੁਣੀ ਗਈ। ਉਹ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੈ। ਤਾਕਾਇਚੀ ਨੇ ਸੰਸਦ ਦੇ ਹੇਠਲੇ ਸਦਨ ਵਿਚ 237 ਵੋਟਾਂ ਨਾਲ ਚੋਣ ਜਿੱਤੀ। ਹੇਠਲੇ ਸਦਨ ਤੋਂ ਬਾਅਦ ਉਹ ਉਪਰਲੇ ਸਦਨ ਲਈ ਵੀ ਚੁਣੀ ਗਈ, ਜਿਥੇ ਪਹਿਲੇ ਦੌਰ ਵਿਚ ਬਹੁਮਤ ਤੋਂ ਇਕ ਵੋਟ ਘੱਟ ਰਹਿਣ ਤੋਂ ਬਾਅਦ, ਉਸ ਨੇ ਦੂਜੇ ਦੌਰ ਵਿਚ 125-46 ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤਾਕਾਇਚੀ ਨੂੰ ਵਧਾਈ ਦਿੱਤੀ ਹੈ।
ਤਾਕਾਇਚੀ ਇਕ ਕਮਜ਼ੋਰ ਗੱਠਜੋੜ ਨਾਲ ਪ੍ਰਧਾਨ ਮੰਤਰੀ ਬਣੀ। ਉਹ ਸਵਰਗੀ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਸਮਰਥਕ ਹੈ ਅਤੇ ਇਕ ਮਜ਼ਬੂਤ ਫੌਜੀ, ਸਖ਼ਤ ਇਮੀਗ੍ਰੇਸ਼ਨ ਨੀਤੀਆਂ ਅਤੇ ਜਾਪਾਨ ਦੇ ਸ਼ਾਂਤੀਵਾਦੀ ਸੰਵਿਧਾਨ ਵਿਚ ਸੋਧਾਂ ਦੀ ਵਕਾਲਤ ਕਰਦੀ ਹੈ।ਇਸ ਮਹੀਨੇ ਦੇ ਸ਼ੁਰੂ ਵਿਚ ਤਾਕਾਇਚੀ ਨੂੰ ਐਲ.ਡੀ.ਪੀ. ਦਾ ਨੇਤਾ ਚੁਣਿਆ ਗਿਆ ਸੀ। ਤਾਕਾਇਚੀ ਨੇ 2021 ਅਤੇ 2024 ਵਿਚ ਵੀ ਪ੍ਰਧਾਨ ਮੰਤਰੀ ਬਣਨ ਦੀ ਕੋਸ਼ਿਸ਼ ਕੀਤੀ ਸੀ, ਪਰ ਅਸਫ਼ਲ ਰਹੀ।ਤਾਕਾਇਚੀ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੀ ਥਾਂ ਲੈਣਗੇ। ਜੁਲਾਈ ਵਿਚ ਹੋਈਆਂ ਉੱਚ ਸਦਨ ਦੀਆਂ ਚੋਣਾਂ ਵਿਚ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਪਾਰਟੀ ਦੇ ਅੰਦਰ ਇਸ਼ੀਬਾ ਦਾ ਵਿਰੋਧ ਵਧਿਆ।
ਐਲ.ਡੀ.ਪੀ. ਨੇ ਤਾਕਾਚੀ ਨੂੰ ਅਜਿਹੇ ਸਮੇਂ ਚੁਣਿਆ ਹੈ ਜਦੋਂ ਦੇਸ਼ ਦੇ ਲੋਕ ਮਹਿੰਗਾਈ ਤੋਂ ਨਾਰਾਜ਼ ਹਨ ਅਤੇ ਵਿਰੋਧੀ ਪਾਰਟੀਆਂ ਦਾ ਸਮਰਥਨ ਕਰਨਾ ਸ਼ੁਰੂ ਕਰ ਰਹੇ ਹਨ। ਤਾਕਾਚੀ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਕਰੀਬੀ ਮੰਨਿਆ ਜਾਂਦਾ ਹੈ। ਸ਼ਿੰਜੋ ਜਾਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਅਤੇ ਉਨ੍ਹਾਂ ਨੂੰ ਚੀਨ ਵਿਰੋਧੀ ਨੇਤਾ ਮੰਨਿਆ ਜਾਂਦਾ ਹੈ। ਤਾਕਾਚੀ ਦੇਸ਼ ਵਿੱਚ ਇੱਕ ਮਰਦ ਰਾਜਾ ਦੇ ਸ਼ਾਸਨ ਦਾ ਸਮਰਥਨ ਕਰਦਾ ਹੈ ਅਤੇ ਰਾਣੀ ਦੇ ਗੱਦੀ ਅਤੇ ਰਾਜ ’ਤੇ ਬੈਠਣ ਦਾ ਵਿਰੋਧ ਕਰਦਾ ਹੈ।