ਦੀਵਾਲੀ ’ਤੇ ਦਹਿਸ਼ਤਗਰਦਾਂ ਨੇ ਕੱਢਿਆ ਪਾਕਿਸਤਾਨ ਦਾ ਦੀਵਾਲਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਮਲਾ ਕਰਕੇ ਮੌਤ ਦੇ ਘਾਟ ਉਤਾਰੇ 10 ਪਾਕਿਸਤਾਨੀ ਫ਼ੌਜੀ

ਹਮਲਾ ਕਰਕੇ ਮੌਤ ਦੇ ਘਾਟ ਉਤਾਰੇ 10 ਪਾਕਿਸਤਾਨੀ ਫ਼ੌਜੀ

ਪੇਸ਼ਾਵਰ (ਸ਼ਾਹ) : ਦੀਵਾਲੀ ਮੌਕੇ ਬਲੋਚਿਸਤਾਨ ਲਿਬਰੇਸ਼ਨ ਫਰੰਟ ਵੱਲੋਂ ਪਾਕਿਸਤਾਨੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਵੱਡਾ ਹਮਲਾ ਕੀਤਾ ਗਿਆ, ਜਿਸ ਵਿਚ ਪਾਕਿਸਤਾਨੀ ਫ਼ੌਜ ਦੇ 5 ਜਵਾਨਾਂ ਦੀ ਮੌਤ ਹੋ ਗਈ ਜਦਕਿ ਕਈ ਫ਼ੌਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਹ ਹਮਲਾ ਮਾਹਿਰ ਅਤੇ ਰੂਦਿਗ ਨਾਂਅ ਦੇ ਇਲਾਕਿਆਂ ਵਿਚਾਲੇ ਹੋਇਆ ਅਤੇ ਬਾਅਦ ਵਿਚ ਬੀਐਲਐਫ ਨੇ ਇਸ ਦੀ ਜ਼ਿੰਮੇਵਾਰੀ ਵੀ ਕਬੂਲੀ।

ਪਾਕਿਸਤਾਨੀ ਫ਼ੌਜ ਵੱਲੋਂ ਭਾਵੇਂ ਦੀਵਾਲੀ ਨੂੰ ਮੁੱਖ ਰੱਖਦਿਆਂ ਸਰਹੱਦੀ ਖੇਤਰਾਂ ਵਿਚ ਸੁਰੱਖਿਆ ਚੌਕਸੀ ਵਧਾਈ ਹੋਈ ਸੀ ਪਰ ਇਸ ਦੇ ਬਾਵਜੂਦ ਬਲੋਚਿਸਤਾਨ ਲਿਬਰੇਸ਼ਨ ਫਰੰਟ ਵੱਲੋਂ ਵੱਡਾ ਹਮਲਾ ਕਰਕੇ 5 ਪਾਕਿਸਤਾਨੀ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਦਕਿ ਕਈ ਫ਼ੌਜੀ ਇਸ ਹਮਲੇ ਦੌਰਾਨ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬਲੋਚਿਸਤਾਨ ਲਿਬਰੇਸ਼ਨ ਫਰੰਟ ਦੇ ਲੜਾਕਿਆਂ ਵੱਲੋਂ ਕੀਤਾ ਇਹ ਹਮਲਾ ਇੰਨਾ ਸਟੀਕ ਸੀ ਕਿ ਪਾਕਿਸਤਾਨੀ ਫ਼ੌਜੀਆਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲ ਸਕਿਆ। ਹਮਲੇ ਮਗਰੋਂ ਜ਼ਖ਼ਮੀ ਫ਼ੌਜੀਆਂ ਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਇਸ ਤੋਂ ਇਲਾਵਾ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਵਿਚ ਵੀ ਇਕ ਸਰਕਾਰੀ ਗੈਸ ਕੰਪਨੀ ਦੀ ਸੁਰੱਖਿਆ ਵਿਚ ਤਾਇਨਾਤ ਸੁਰੱਖਿਆ ਕਰਮੀਆਂ ’ਤੇ ਵੀ ਹਮਲਾ ਹੋਇਆ ਪਰ ਇਹ ਹਮਲਾ ਬੀਐਲਐਫ ਵੱਲੋਂ ਨਹੀਂ ਬਲਕਿ ਟੀਟੀਪੀ ਯਾਨੀ ਤਹਿਰੀਕ-ਏ-ਤਾਲਿਬਾਨ ਵੱਲੋਂ ਕੀਤਾ ਗਿਆ। ਇਸ ਹਮਲੇ ਵਿਚ ਵੀ 5 ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਇਕ ਦਰਜਨ ਦੇ ਕਰੀਬ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਅ ਕਿ ਪਾਬੰਦੀਸ਼ੁਦਾ ਟੀਟੀਪੀ ਵੱਲੋਂ ਇਹ ਗੋਲੀਬਾਰੀ ਖ਼ੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਵਿਚ ਕੋਟ ਲਾਲੂ ਦੇ ਨੇੜੇ ਸੁਈ ਨਾਰਦਨ ਗੈਸ ਪਾਈਪਲਾਈਨ ਕੰਪਨੀ ਦੇ ਗੇਟ ’ਤੇ ਕੀਤੀ ਗਈ, ਜਿੱਥੇ ਇਹ ਮੁਲਾਜ਼ਮ ਤਾਇਨਾਤ ਸਨ। ਪੁਲਿਸ ਮੁਤਾਬਕ ਇਸ ਦੌਰਾਨ ਜਵਾਬੀ ਕਾਰਵਾਈ ਵਿਚ ਘੱਟੋ ਘੱਟ 8 ਦਹਿਸ਼ਤਗਰਦ ਵੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦਹਿਸ਼ਤਗਰਦਾਂ ਵੱਲੋਂ ਗੈਸ ਪਾਈਪਲਾਈਨ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਗਈ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਇਸ ਵਿਚ ਕਾਮਯਾਬ ਨਹੀਂ ਹੋਣ ਦਿੱਤਾ।

ਦੱਸ ਦਈਏ ਕਿ ਬਲੋਚ ਲਿਬਰੇਸ਼ਨ ਫਰੰਟ ਖ਼ੁਦ ਨੂੰ ਅਜਿਹੀ ਜਥੇਬੰਦੀ ਮੰਨਦਾ ਏ ਜੋ ਪਾਕਿਸਤਾਨ ਨਾਲ ਬਲੋਚਿਸਤਾਨ ਦੀ ਆਜ਼ਾਦੀ ਲਈ ਲੜ ਰਹੀ ਐ। ਹਾਲ ਦੇ ਦਿਨਾਂ ਵਿਚ ਉਸ ਵੱਲੋਂ ਲਗਾਤਾਰ ਕਈ ਹਮਲੇ ਕੀਤੇ ਜਾ ਚੁੱਕੇ ਨੇ। ਉਸ ਦਾ ਕਹਿਣਾ ਏ ਕਿ ਜਦੋਂ ਤੱਕ ਬਲੋਚਿਸਤਾਨ ਨੂੰ ਆਜ਼ਾਦੀ ਨਹੀਂ ਮਿਲਦੀ, ਇਹ ਕਾਰਵਾਈਆਂ ਇਵੇਂ ਹੀ ਜਾਰੀ ਰਹਿਣਗੀਆਂ। ਇਸੇ ਤਰ੍ਹਾਂ ਜੇਕਰ ਤਹਿਰੀਕ ਏ ਤਾਲਿਬਾਨ ਦੀ ਗੱਲ ਕਰੀਏ ਤਾਂ ਇਸ ਦੀ ਸਥਾਪਨਾ 2007 ਵਿਚ ਬੈਤੁੱਲ੍ਹਾ ਮਹਿਸੂਦ ਵੱਲੋਂ ਕੀਤੀ ਗਈ ਸੀ। ਉਸ ਦੇ ਮਾਰੇ ਜਾਣ ਮਗਰੋਂ ਇਸ ਸੰਗਠਨ ਦੀ ਕਮਾਨ ਹਕੀਮੁੱਲ੍ਹਾ ਮਹਿਸੂਦ ਨੇ ਸੰਭਾਲ ਲਈ ਸੀ, ਫਿਰ ਜਦੋਂ 2018 ਵਿਚ ਹਕੀਮੁੱਲ੍ਹਾ ਅਮਰੀਕੀ ਡ੍ਰੋਨ ਹਮਲੇ ਵਿਚ ਮਾਰਿਆ ਤਾਂ ਨੂਰ ਵਲੀ ਮਹਿਸੂਦ ਨੂੰ ਨਵਾਂ ਸਰਗਨਾ ਚੁਣਿਆ ਗਿਆ ਸੀ ਜੋ ਮੌਜੂਦਾ ਸਮੇਂ ਇਸ ਦੀ ਕਮਾਨ ਸੰਭਾਲ ਰਿਹਾ ਏ।
ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ