ਬ੍ਰਿਟੇਨ ਜਾ ਰਹੇ ਜਹਾਜ਼ ਦੇ ਫ਼ਰਿੱਜ ਕੰਟੇਨਰ ਵਿਚ ਮਿਲੇ 25 ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੋਟੇਰਡੇਮ ਖੇਤਰ ਦੀ ਐਮਰਜੈਂਸੀ ਸੇਵਾ ਨੇ ਟਵਿੱਟਰ 'ਤੇ ਦਸਿਆ,''ਜਦੋਂ ਅਸੀਂ ਜਹਾਜ਼ 'ਤੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਕਈ ਲੋਕ ਫਰਿੱਜ ਕੰਟੇਨਰ ਵਿਚ ਹਨ।

25 migrants found in refrigerated container heading to UK

ਦਿ ਹੇਗ : ਬ੍ਰਿਟੇਨ ਵਿਚ ਅਕਤੂਬਰ ਮਹੀਨੇ 'ਚ ਇਕ ਫਰਿੱਜ ਕੰਟੇਨਰ ਵਿਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲਣ ਦੇ ਬਾਅਦ ਪ੍ਰਵਾਸੀਆਂ ਦੇ ਬ੍ਰਿਟੇਨ ਤੱਕ ਪਹੁੰਚਣ ਦੇ ਇਸ ਤਰੀਕੇ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿਤਾ ਸੀ। ਠੀਕ ਇਸੇ ਤਰ੍ਹਾਂ ਦੀ ਘਟਨਾ ਹੁਣ ਨੀਦਰਲੈਂਡ ਦੇ ਬੰਦਰਗਾਰ 'ਤੇ ਦੇਖੀ ਗਈ। ਨੀਦਰਲੈਂਡ ਵਿਚ ਇਕ ਕਿਸ਼ਤੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਇਕ ਜਹਾਜ਼ ਦੇ ਫਰਿੱਜ਼ ਕੰਟੇਨਰ ਵਿਚ 25 ਲੋਕ ਮਿਲੇ ਜੋ ਸ਼ਰਨ ਦੀ ਆਸ ਵਿਚ ਬ੍ਰਿਟੇਨ ਜਾ ਰਹੇ ਜਹਾਜ਼ 'ਤੇ ਸਵਾਰ ਹੋ ਗਏ ਸਨ।

ਇਹ ਜਹਾਜ਼ ਮੰਗਲਵਾਰ ਨੂੰ ਬ੍ਰਿਟੇਨ ਵਲ ਜਾ ਰਿਹਾ ਸੀ ਪਰ ਇਸ ਨੂੰ ਨੀਦਰਲੈਂਡ ਦੀ ਬੰਦਰਗਾਹ 'ਤੇ ਲਿਆਂਦਾ ਗਿਆ। ਪੁਲਿਸ ਅਤੇ ਐਮਰਜੈਂਸੀ ਸੇਵਾ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਨੇ ਦਸਿਆ ਕਿ ਰੋਟੇਰਡੇਮ ਨੇੜੇ ਵਲਾਰਦੀਗੇਨ ਬੰਦਰਗਾਹ 'ਤੇ ਇਸ ਜਹਾਜ਼ ਨੂੰ ਦੇਖਿਆ ਗਿਆ ਅਤੇ ਉਦੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ। ਇਸ ਮਗਰੋਂ ਇਸ ਜਹਾਜ਼ ਤੋਂ 2 ਲੋਕਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

ਰੋਟੇਰਡੇਮ ਖੇਤਰ ਦੀ ਐਮਰਜੈਂਸੀ ਸੇਵਾ ਨੇ ਟਵਿੱਟਰ 'ਤੇ ਦਸਿਆ,''ਜਦੋਂ ਅਸੀਂ ਜਹਾਜ਼ 'ਤੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਕਈ ਲੋਕ ਫਰਿੱਜ ਕੰਟੇਨਰ ਵਿਚ ਹਨ। ਇਸ ਦੇ ਬਾਅਦ ਜਹਾਜ਼ ਨੂੰ ਬੰਦਰਗਾਰ ਵਲ ਮੋੜ ਦਿਤਾ ਗਿਆ।'' ਉਨ੍ਹਾਂ ਨੇ ਦਸਿਆ,''25 ਲੋਕਾਂ ਨੂੰ ਜਹਾਜ਼ ਵਿਚੋਂ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਜ਼ਰੂਰੀ ਇਲਾਜ ਮੁਹੱਈਆ ਕਰਵਾਇਆ ਗਿਆ। ਜਹਾਜ਼ ਤੋਂ ਜਿਹੜਾ ਪਹਿਲਾ ਸੰਦੇਸ਼ ਆਇਆ ਹੈ ਉਸ ਵਿਚ ਦਸਿਆ ਗਿਆ ਹੈ ਕਿ ਕਿਸੇ ਵਿਅਕਤੀ ਦੀ ਮੌਤ ਨਹੀਂ ਹੋਈ ਹੈ। ਇਸ ਜਹਾਜ਼ ਦੀ ਤਲਾਸ਼ੀ ਜਾਰੀ ਹੈ। 

ਇਹ ਜਹਾਜ਼ ਅਸਲ ਵਿਚ ਬ੍ਰਿਟੇਨ ਦੇ ਬੰਦਰਗਾਹ ਫੈਲਿਕਸਟੋ ਜਾਣ ਵਾਲਾ ਸੀ। ਨੀਦਰਲੈਂਡ ਦੇ ਮੀਡੀਆ ਮੁਤਾਬਕ ਵੱਡੀ ਗਿਣਤੀ ਵਿਚ ਐਂਬੂਲੈਂਸ ਅਤੇ ਹੋਰ ਐਮਰਜੈਂਸੀ ਗੱਡੀਆਂ ਇਸ ਵਿਅਸਤ ਬੰਦਰਗਾਹ ਦੇ ਬਾਹਰ ਮੌਜੂਦ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।