ਕਾਰ ਬੰਬ ਧਮਾਕੇ 'ਚ 12 ਦੀ ਮੌਤ 27 ਜ਼ਖ਼ਮੀਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਵਰਦਕ ਦੀ ਰਾਜਧਾਨੀ ਮੈਦਾਨ ਸ਼ਰ 'ਚ ਸੋਮਵਾਰ ਨੂੰ ਅੱਤਵਾਦੀ ਸੰਗਠਨ ਤਾਲਿਬਾਨ ਨੇ ਅਫ਼ਗਾਨਿਸਤਾਨ..........

Bomb Blast in Afghanistan

ਕਾਬੁਲ  : ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਵਰਦਕ ਦੀ ਰਾਜਧਾਨੀ ਮੈਦਾਨ ਸ਼ਰ 'ਚ ਸੋਮਵਾਰ ਨੂੰ ਅੱਤਵਾਦੀ ਸੰਗਠਨ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਸ਼ੇਸ਼ ਬਲ ਦੇ ਟਿਕਾਣੇ 'ਤੇ ਕਾਰ ਬੰਬ ਧਮਾਕੇ ਨੂੰ ਅੰਜਾਮ ਦਿਤਾ। ਸਥਾਨਕ ਅਧਿਕਾਰੀ ਮੁਤਾਬਕ ਕਾਰ ਬੰਬ ਧਮਾਕੇ ਮਗਰੋਂ ਗੋਲੀਬਾਰੀ ਸ਼ੁਰੂ ਹੋ ਗਈ। ਸੂਬੇ ਦੇ ਸਿਹਤ ਅਧਿਕਾਰੀ ਨੇ ਦਸਿਆ ਕਿ ਅੱਤਵਾਦੀ ਹਮਲੇ 'ਚ 12 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ। ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।  ਸੂਤਰਾਂ ਮੁਤਾਬਕ, ''ਕਾਰ ਬੰਬ ਧਮਾਕਾ ਸ਼ਹਿਰ ਦੇ ਮੁਖ ਗੇਟ ਕੋਲ ਅੱਜ ਸਵੇਰੇ 8 ਵੱਜ ਕੇ 40 ਮਿੰਟ 'ਤੇ ਹੋਇਆ।

ਪ੍ਰਭਾਵਿਤ ਹੋਏ ਲੋਕਾਂ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਪਰ ਇਨ੍ਹਾਂ ਦੀ ਗਿਣਤੀ ਕਾਫ਼ੀ ਹੋਣ ਦਾ ਖਦਸ਼ਾ ਹੈ।'' ਸੁਰੱਖਿਆ ਬਲਾਂ ਨੇ ਸਾਵਧਾਨੀ ਦੇ ਤੌਰ 'ਤੇ ਇਲਾਕੇ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਧਮਾਕੇ ਮਗਰੋਂ ਇਲਾਕੇ 'ਚ ਕਾਲੇ ਧੂੰਏਂ ਦੇ ਗੁਬਾਰ ਦੇਖਣ ਨੂੰ ਮਿਲੇ। ਕਾਰ ਬੰਬ ਧਮਾਕੇ ਦੇ ਕੁਝ ਦੇਰ ਬਾਅਦ ਤਾਲਿਬਾਨ ਨੇ ਕਾਰ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਤਾਲਿਬਾਨ ਦੇ ਬੁਲਾਰੇ ਜਬੀਉਲਾਹ ਮੁਜਾਹਿਦ ਨੇ ਸਥਾਨਕ ਮੀਡੀਆ ਨੂੰ ਜਾਣਕਾਰੀ ਦਿਤੀ ਕਿ ਤਾਲਿਬਾਨ ਨੇ ਇਕ ਕਾਰ ਬੰਬ ਨਾਲ ਸੁਰੱਖਿਆ ਫ਼ੌਜ ਦੇ ਅੱਡੇ 'ਤੇ ਧਾਵਾ ਬੋਲਿਆ ਅਤੇ ਹਥਿਆਰਬੰਦ ਅੱਤਵਾਦੀਆਂ ਦੇ ਦੂਜੇ ਸਮੂਹ ਨੇ ਇਸ ਦੇ ਬਾਅਦ ਤੁਰੰਤ ਹਮਲਾ ਬੋਲ ਦਿਤਾ।             (ਪੀਟੀਆਈ)